ਭਾਗਲਪੁਰ, 1 ਅਕਤੂਬਰ
ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ’ਚ ਕੂੜੇ ਦੇ ਢੇਰ ਕੋਲ ਹੋਏ ਧਮਾਕੇ ਵਿੱਚ ਸੱਤ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।
ਭਾਗਲਪੁਰ ਦੇ ਐੱਸਐੱਸਪੀ ਆਨੰਦ ਕੁਮਾਰ ਨੇ ਦੱਸਿਆ ਕਿ ਇਹ ਧਮਾਕਾ ਖਿਲਾਫ਼ਤ ਨਗਰ ਵਿੱਚ ਵਾਪਰਿਆ। ਇਹ ਖੇਤਰ ਕਸਬੇ ਦੇ ਹਬੀਬਪੁਰ ਥਾਣੇ ਅਧੀਨ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਬੱਚਿਆਂ ਨੇ ਅਣਜਾਣੇ ਵਿੱਚ ਹੀ ਕਿਸੇ ਧਮਾਕਾਖੇਜ਼ ਵਸਤੂ ਨਾਲ ਛੇੜ-ਛਾੜ ਕੀਤੀ ਸੀ। ਉਨ੍ਹਾਂ ਕਿਹਾ, ‘‘ਹਾਦਸੇ ਵਿੱਚ ਸੱਤ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਸਾਰਿਆਂ ਨੂੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।’’
ਐੱਸਐੱਸਪੀ ਨੇ ਦੱਸਿਆ ਕਿ ਇਹ ਧਮਾਕਾ ਦੁਪਹਿਰ ਸਮੇਂ ਹੋਇਆ। ਉਨ੍ਹਾਂ ਕਿਹਾ ਕਿ ਫੋਰੈਂਸਿਕ ਮਾਹਿਰਾਂ ਦੇ ਨਾਲ ਸੂਹੀਆ ਕੁੱਤਿਆਂ ਦਾ ਦਸਤਾ ਵੀ ਘਟਨਾ ਸਥਾਨ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਗਈ ਹੈ। -ਪੀਟੀਆਈ