ਨਵੀਂ ਦਿੱਲੀ, 1 ਅਕਤੂਬਰ
ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਕਿਸਾਨਾਂ ਨੂੰ ਦਰਪੇਸ਼ ਛੋਟੇ-ਛੋਟੇ ਮਸਲਿਆਂ ਦੇ ਹੱਲ ਨਾਲ ਉਨ੍ਹਾਂ ਦੀ ਆਮਦਨ ’ਚ 20 ਫ਼ੀਸਦ ਤੱਕ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਇਹ ਦਾਅਵਾ ਆਪਣੀ ‘ਸਿੱਧਾ ਸੰਵਾਦ’ ਪਹਿਲਕਦਮੀ ਤਹਿਤ ਭਾਰਤੀ ਕਿਸਾਨ ਯੂਨੀਅਨ (ਆਜ਼ਾਦ) ਦੇ ਮੈਂਬਰਾਂ ਨਾਲ ਮੀਟਿੰਗ ਦੌਰਾਨ ਖੇਤੀ ਸੈਕਟਰ ਨੂੰ ਅਸਰਅੰਦਾਜ਼ ਕਰਨ ਵਾਲੀਆਂ ਵੱਖ-ਵੱਖ ਚੁਣੌਤੀਆਂ ’ਤੇ ਚਰਚਾ ਦੌਰਾਨ ਕੀਤਾ। ਖੇਤੀ ਮੰਤਰੀ ਨੇ ਕਿਸਾਨ ਆਗੂਆਂ ਨਾਲ ਹਰ ਮੰਗਲਵਾਰ ਨੂੰ ਮੀਟਿੰਗਾਂ ਦਾ ਸਿਲਸਿਲਾ 24 ਸਤੰਬਰ ਤੋਂ ਸ਼ੁਰੂ ਕੀਤਾ ਸੀ।
ਅੱਜ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਮੰਤਰੀ ਨਾਲ ਫੈਕਟਰੀਆਂ ਦੇ ਦੂਸ਼ਿਤ ਪਾਣੀ ਅਤੇ ਸੜੇ ਹੋਏ ਟਰਾਂਸਫਾਰਮਰ ਘੱਟ ਸਮੇਂ ’ਚ ਬਦਲਣ ਦੇ ਮੁੱਦੇ ’ਤੇ ਚਰਚਾ ਕੀਤੀ। ਇਸ ਮੌਕੇ ਕਿਸਾਨਾਂ ਦੀ ਸੇਵਾ ਨੂੰ ਰੱਬ ਦੀ ਪੂਜਾ ਦੱਸਦਿਆਂ ਚੌਹਾਨ ਨੇ ਆਖਿਆ, ‘‘ਇਹ ਸਮੱਸਿਆਵਾਂ ਛੋਟੀਆਂ ਦਿਖਾਈ ਦੇ ਸਕਦੀਆਂ ਹਨ ਪਰ ਇਨ੍ਹਾਂ ਦਾ ਹੱਲ ਕਰਨ ਨਾਲ ਕਿਸਾਨਾਂ ਦੀ ਆਮਦਨ ’ਚ 10 ਤੋਂ 20 ਫ਼ੀਸਦ ਤੱਕ ਦਾ ਵਾਧਾ ਹੋ ਸਕਦਾ ਹੈ।’’ ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਮੀਟਿੰਗ ਦੌਰਾਨ ਫਸਲਾਂ ’ਤੇ ਲਾਗਤ ਘਟਾਉਣ, ਢੁੱਕਵੇਂ ਭਾਅ ਯਕੀਨੀ ਬਣਾਉਣ ਅਤੇ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਰੋਕਣ ’ਤੇ ਵੀ ਚਰਚਾ ਹੋਈ। ਇਸ ਦੇ ਨਾਲ ਹੀ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ, ਸਿਹਤ ’ਤੇ ਇਸ ਅਸਰਾਂ ਅਤੇ ਪੀਐੱਮ ਕਿਸਾਨ ਯੋਜਨਾ ਵਰਗੀਆਂ ਸਰਕਾਰੀ ਸਕੀਮਾਂ ਤੱਕ ਪਹੁੰਚ ਬਾਰੇ ਚਰਚਾ ਕੀਤੀ ਗਈ। ਬਿਆਨ ਮੁਤਾਬਕ ਮੰਤਰੀ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ ਰਾਜਾਂ ਸਬੰਧੀ ਵਿਸ਼ੇਸ਼ ਮੁੱਦਿਆਂ ਬਾਰੇ ਸਬੰਧਤ ਸੂਬਾ ਸਰਕਾਰਾਂ ਕੋਲ ਭੇਜੇ ਜਾਣਗੇ।