ਖੇਤਰੀ ਪ੍ਰਤੀਨਿਧ
ਸੰਗਰੂਰ, 1 ਅਕਤੂਬਰ
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ‘ਗੁਰਬਾਣੀ ਦੇ ਸੁਨੇਹੇ ਨੂੰ ਸਮਝਣ ਲਈ ਵਿਆਕਰਣ ਦੀ ਮਹੱਤਤਾ’ ਬਾਰੇ ਸੈਮੀਨਾਰ ਕਰਵਾਇਆ ਗਿਆ। ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਸਾਹਿਤ ਰਤਨ ਅਤੇ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਸ਼ਮੂਲੀਅਤ ਕੀਤੀ ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਪਵਨ ਹਰਚੰਦਪੁਰੀ, ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਹਾਜ਼ਰ ਹੋਏ। ਇਸ ਮੌਕੇ ਡਾ. ਮਾਨ ਨੇ ਕਿਹਾ ਕਿ ਵਿਆਕਰਣ ਨੂੰ ਸਮਝੇ ਬਿਨਾਂ ਗੁਰਬਾਣੀ ਦੇ ਅਰਥਾਂ ਨੂੰ ਸਮਝਿਆਂ ਨਹੀਂ ਜਾ ਸਕਦਾ ਕਿਉਂਕਿ ਲਗਾਂ, ਮਾਤ੍ਰਾਂ ਬਦਲਣ ਨਾਲ ਅਰਥ ਬਦਲ ਜਾਂਦੇ ਹਨ। ਇਸ ਮੌਕੇ ਨਿਹਾਲ ਸਿੰਘ ਮਾਨ ਨੇ ਗੁਰਬਾਣੀ ਵਿਆਕਰਣ ਦੀ ਮਹੱਤਤਾ, ਅਕਾਰਾਂਤ, ਇਕਾਰਾਂਤ ਅਤੇ ਉਕਾਰਾਂਤ ਬਾਰੇ ਸਪਸ਼ਟ ਕਰਦੇ ਹੋਏ ਗੁਰਬਾਣੀ ਅਧਿਐਨ ਲਈ ਸੰਗੀਤ ਅਤੇ ਛੰਦ ਦੀ ਮਹੱਤਤਾ ਬਾਰੇ ਵੀ ਦੱਸਿਆ। ਸਾਹਿਤ ਸਭਾ ਵੱਲੋਂ ਨਿਹਾਲ ਸਿੰਘ ਮਾਨ ਅਤੇ ਪੂਰੀ ਉਮਰ ਸਾਹਿਤ ਦੇ ਲੇਖੇ ਲਾਉਣ ਵਾਲੇ ਗੁਲਜ਼ਾਰ ਸਿੰਘ ਸ਼ੌਂਕੀ ਦਾ ਸਨਮਾਨ ਕੀਤਾ ਗਿਆ। ਜੋਗਿੰਦਰ ਕੌਰ ਅਗਨੀਹੋਤਰੀ ਦਾ ਬਾਲ ਨਾਵਲ ‘ਜੱਗਾ’ ਲੋਕ ਅਰਪਣ ਕੀਤਾ ਗਿਆ।