ਖੇਤਰੀ ਪ੍ਰਤੀਨਿਧ
ਪਟਿਆਲਾ, 1 ਅਕਤੂਬਰ
ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਧਰਨੇ ਦੌਰਾਨ ਹਿੱਸਾ ਲੈਂਦੇ ਆ ਰਹੇ ਪਟਿਆਲਾ ਜ਼ਿਲ੍ਹੇ ਦੇ ਬੰਮ੍ਹਣਾ ਪਿੰਡ ਦੇ 62 ਸਾਲਾ ਕਿਸਾਨ ਗੰਗਾ ਰਾਮ ਦੀ ਅੱਜ ਮੌਤ ਹੋ ਗਈ। ਉਹ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨਾਲ ਸਬੰਧਤ ਸਨ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਦੱਸਿਆ ਕਿ ਗੰਗਾ ਰਾਮ ਪਿਛਲੇ ਕਈ ਦਿਨਾਂ ਤੋਂ ਸ਼ੰਭੂ ਵਿੱਚ ਧਰਨੇ ਵਿੱਚ ਸ਼ਾਮਲ ਹੁੰਦਾ ਆ ਰਿਹਾ ਸੀ ਪਰ ਪਿਛਲੇ ਦਿਨੀਂ ਉਸ ਦੀ ਸਿਹਤ ਖ਼ਰਾਬ ਹੋਣ ਮਗਰੋਂ ਉਸ ਨੂੰ ਸਿਵਲ ਹਸਪਤਾਲ ਰਾਜਪੁਰਾ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਸੀ। 30 ਸਤੰਬਰ ਦੀ ਰਾਤ ਨੂੰ ਉਹ ਘਰ ਆਇਆ ਸੀ ਪਰ ਅੱਜ ਪਹਿਲੀ ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਇਸ ਮਗਰੋਂ ਉਸ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਸਮਾਣਾ ਵਿੱਚ ਲਿਆਂਦੀ ਗਈ। ਪੁਲੀਸ ਨੇ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।