ਹਰਮੇਸ਼ਪਾਲ ਨੀਲੇਵਾਲ
ਜ਼ੀਰਾ, 1 ਅਕਤੂਬਰ
ਇੱਥੇ ਅੱਜ ਜ਼ੀਰਾ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦੋਂ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਲਈ ਕਾਂਗਰਸੀ ਵਰਕਰ ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਜਾ ਰਹੇ ਸਨ ਤਾਂ ਕਥਿਤ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਨਾਮਜ਼ਦਗੀ ਭਰਨ ਤੋਂ ਰੋਕਣ ਲਈ ਉਨ੍ਹਾਂ ’ਤੇ ਇੱਟਾਂ, ਪੱਥਰਾਂ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਗੋਲੀਆਂ ਵੀ ਚੱਲੀਆਂ, ਜੋ ਕੁਲਬੀਰ ਸਿੰਘ ਜ਼ੀਰਾ ਦੀ ਗੱਲ੍ਹ ਅਤੇ ਗੁਰਵਿੰਦਰ ਸਿੰਘ ਦੀ ਲੱਤ ਅਤੇ ਗੁੱਟ ’ਤੇ ਲੱਗੀਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਚਰਨਜੀਤ ਸਿੰਘ ਵਾਸੀ ਪਿੰਡ ਕਾਮਲਵਾਲਾ, ਮਨੀ ਵਾਸੀ ਜ਼ੀਰਾ, ਹਰਪ੍ਰੀਤ ਸਿੰਘ ਕਾਲਾ ਵਾਸੀ ਪਿੰਡ ਮਨਸੂਰਦੇਵਾ, ਦਲਜੀਤ ਸਿੰਘ ਵਾਸੀ ਪਿੰਡ ਕੱਚਰਭੰਨ, ਕਿੱਕਰ ਸਿੰਘ ਵਾਸੀ ਪਿੰਡ ਪੰਡੋਰੀ ਜੱਟਾਂ, ਬੋਹੜ ਸਿੰਘ ਅਤੇ ਗੁਰਜੰਟ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਇਸ ਮੌਕੇ ਜ਼ੀਰਾ ਦੇ ਡੀਐੱਸਪੀ ਗੁਰਦੀਪ ਸਿੰਘ, ਡੀਐੱਸਪੀ ਨਵੀਨ ਕੁਮਾਰ, ਡੀਐੱਸਪੀ ਫਤਹਿ ਸਿੰਘ ਬਰਾੜ, ਡੀਐੱਸਪੀ ਮਹਿਲ ਸਿੰਘ, ਐੱਸਐੱਚਓ ਕੰਵਲਜੀਤ ਰਾਏ ਸ਼ਰਮਾ, ਐੱਸਐੱਚਓ ਅਭਿਨਵ ਚੌਹਾਨ, ਏਐੱਸਆਈ ਸੁਰਜੀਤ ਸਿੰਘ ਵੱਲੋਂ ਸਥਿਤੀ ’ਤੇ ਕਾਬੂ ਪਾਉਣ ਲਈ ਹਵਾਈ ਫਾਇਰ ਅਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਕਾਂਗਰਸ ਦੇ ਵਰਕਰਾਂ ਨੇ ਸਰਪੰਚੀ ਦੇ ਕਾਗਜ਼ ਦਾਖਲ ਕਰਨੇ ਸਨ ਪਰ ਪੰਜਾਬ ਪੁਲੀਸ ਨੇ ਸਵੇਰ ਤੋਂ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿਚ ਨਜ਼ਰਬੰਦ ਕੀਤਾ ਹੋਇਆ ਸੀ,ਜਦੋਂ ਉਹ 2 ਵਜੇ ਦੇ ਕਰੀਬ ਕਾਗਜ਼ ਦਾਖਲ ਕਰਨ ਲਈ ਆਪਣੇ ਘਰ ਤੋਂ ਰਵਾਨਾ ਹੋਏ ਤਾਂ ਪੁਲੀਸ ਫਿਰ ਉਨ੍ਹਾਂ ਨੂੰ ਥਾਂ-ਥਾਂ ਰੋਕਦੀ ਨਜ਼ਰ ਆਈ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਵੇਲੇ ਵੀ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਰਕਰਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ‘ਆਪ’ ਵਰਕਰਾਂ ਨਾਲ ਤਿੱਖੀ ਝੜਪ ਵੀ ਹੋਈ।
ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਬਾਜ਼ਾਰਾਂ ਵਿੱਚ ਖੜ੍ਹੀਆਂ ਗੱਡੀਆਂ ਦੀ ਭੰਨ-ਤੋੜ ਕੀਤੀ ਗਈ। ਇਸ ਦੌਰਾਨ ਜ਼ੀਰਾ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਕੁਲਬੀਰ ਸਿੰਘ ਜ਼ੀਰਾ ਸਮੇਤ ਸਾਰੇ ਜ਼ਖ਼ਮੀ ਵਰਕਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।