ਨਰਾਇਣਗੜ੍ਹ (ਪੱਤਰ ਪ੍ਰੇਰਕ):
ਇੱਥੋਂ ਕਾਂਗਰਸੀ ਉਮੀਦਵਾਰ ਸ਼ੈਲੀ ਚੌਧਰੀ ਨੇ ਲੋਕ ਸੰਪਰਕ ਮੁਹਿੰਮ ਨੂੰ ਅੱਗੇ ਤੋਰਦਿਆਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਚੌਧਰੀ ਰਾਮ ਕਿਸ਼ਨ ਗੁਰਜਰ ਅਤੇ ਕਈ ਸਮਰਥਕ ਉਨ੍ਹਾਂ ਦੇ ਨਾਲ ਰਹੇ। ਉਨ੍ਹਾਂ ਪਿੰਡ ਖਾਨਪੁਰ ਲਬਾਣਾ ਤੋਂ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪਿੰਡ ਖੇੜਕੀ ਜੱਟਾਂ, ਬਾਕਰਪੁਰ, ਓਖਲ, ਲਖਨੌਰਾ, ਅੰਧੇਰੀ, ਲਾਲਪੁਰ, ਫ਼ਿਰੋਜ਼ਪੁਰ ਕਾਠ, ਚਾਂਦਸੌਲੀ, ਬਕਤੂਆ ਅਤੇ ਨੇਕਨਾਵਾ ਦਾ ਦੌਰਾ ਕੀਤਾ। ਇਸ ਉਪਰੰਤ ਨਰਾਇਣਗੜ੍ਹ ਦੇ ਖੇੜਾ ਸ਼ਹਿਰ ਤੋਂ ਅਗਰਸੇਨ ਚੌਕ ਤੱਕ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਨਰਾਇਣਗੜ੍ਹ ਦੇ ਲੋਕਾਂ ਦਾ ਪਿਆਰ ਹੀ ਉਨ੍ਹਾਂ ਦਾ ਸਵੈਮਾਨ ਹੈ ਅਤੇ ਲੋਕਾਂ ਦਾ ਸਮਰਥਨ ਹੀ ਉਸ ਨੂੰ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦਾ ਹੈ। ਕਾਂਗਰਸ ਪਾਰਟੀ ਨਰਾਇਣਗੜ੍ਹ ਦੇ ਨਾਲ-ਨਾਲ ਪੂਰੇ ਹਰਿਆਣਾ ਵਿੱਚ ਵੀ ਵੱਡੀ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਔਰਤਾਂ ਨੂੰ ਭੱਤੇ, ਨੌਜਵਾਨਾਂ ਨੂੰ ਨੌਕਰੀਆਂ ਅਤੇ ਬਜ਼ੁਰਗਾਂ ਨੂੰ ਵੱਧ ਪੈਨਸ਼ਨ ਮਿਲੇਗੀ। ਇਸ ਮੌਕੇ ਚੌਧਰੀ ਰਾਮਕਿਸ਼ਨ ਨੇ ਵੀ ਕਾਂਗਰਸ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ।