ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਅਕਤੂਬਰ
ਜਗਰਾਉਂ ਦੀ ਪੁਰਾਣੀ ਦਾਣਾ ਮੰਡੀ ਵਿੱਚ ਹੋ ਰਹੀ ਰਾਮ ਲੀਲਾ ਦੇ ਮੰਗ ਤੋਂ ਬੀਤੀ ਰਾਤ ਸੰਜੀਵ ਝਾਂਜੀ ਦੀ ਪੁਸਤਕ ‘ਜਿੱਤ ਦੇ ਦੀਵੇ’ ਲੋਕ ਅਰਪਣ ਕੀਤੀ ਗਈ। ਇਹ ਲੋਕ ਅਰਪਣ ਭਗਵਾਨ ਰਾਮ ਚੰਦਰ ਅਤੇ ਲਕਸ਼ਮਣ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਹੱਥੋਂ ਕਰਵਾਇਆ ਗਿਆ। ਇਸ ਲੇਖ ਸੰਗ੍ਰਹਿ ਵਿੱਚ ਲੇਖਕ ਨੇ ਦਸਹਿਰੇ, ਦੀਵਾਲੀ ਤੇ ਗੁਰਪੁਰਬ ਨਾਲ ਸਬੰਧਤ ਲੇਖ ਸ਼ਾਮਲ ਕੀਤੇ ਹਨ। ਲੇਖਕ ਸੰਜੀਵ ਝਾਂਜੀ ਨੇ ਦੱਸਿਆ ਕਿ ਇਹ 136 ਸਫ਼ਿਆਂ ਦਾ ਲੇਖ ਸੰਗ੍ਰਹਿ ਹੈ ਜਿਸ ਦਾ ਮੁਖ ਬੰਦ ਪ੍ਰੋ. ਕਰਮ ਸਿੰਘ ਸੰਧੂ ਨੇ ਲਿਖਿਆ ਹੈ। ਲੇਖਕ ਨੇ ਦੱਸਿਆ ਕਿ ਕਿਤਾਬ ਲਿਖਦੇ ਸਮੇਂ ਤੋਂ ਹੀ ਉਸ ਦੀ ਇੱਛਾ ਸੀ ਕਿ ਇਸ ਦਾ ਲੋਕ ਅਰਪਣ ਰਾਮ ਲੀਲਾ ਦੌਰਾਨ ਭਗਵਾਨ ਰਾਮ ਦੇ ਸਰੂਪ ਨੂੰ ਦਰਸਾਉਣ ਵਾਲੇ ਕਲਾਕਾਰ ਹੱਥੋਂ ਕੀਤਾ ਜਾਵੇ। ਇਹ ਸੰਗ੍ਰਹਿ ਵੀ ਭਗਵਾਨ ਰਾਮ ਚੰਦਰ ਨੂੰ ਹੀ ਸਮਰਪਿਤ ਹੈ। ਕਿਤਾਬ ’ਚ ‘ਰਾਜਾ ਰਾਮ ਭਗਵਾਨ ਰਾਮ ਕਿਵੇਂ ਬਣੇ’, ‘ਸ੍ਰੀ ਰਾਮ, ਰਾਮਾਇਣ ਅਤੇ ਵਿਗਿਆਨ’, ‘ਰਾਵਣ ਬ੍ਰਾਹਮਣ ਹੁੰਦੇ ਹੋਏ ਵੀ ਰਾਕਸ਼ ਕਿਵੇਂ ਬਣਿਆ?’ ਤੇ ‘ਘਰ ਘਰ ਸ਼ਬਰੀ ਹਰ ਘਰ ਸ਼ਬਰੀ’ ਸਮੇਤ ਕੁਲ ਵੀਹ ਲੇਖ ਹਨ।