ਪੱਤਰ ਪ੍ਰੇਰਕ
ਕੁਰਾਲੀ, 4 ਅਕਤੂਬਰ
ਸ਼ਹਿਰ ਦੇ ਵਾਰਡ ਨੰਬਰ-12 ਵਿੱਚ ਇੱਕ ਵਿਅਕਤੀ ਵੱਲੋਂ ਖਾਲੀ ਪਈ ਜਗ੍ਹਾ ’ਚ ਦੀਵਾਰ ਕੱਢ ਕੇ ਰਸਤਾ ਬੰਦ ਕਰਨ ਦਾ ਨੋਟਿਸ ਲਿਆ ਹੈ। ਕੌਂਸਲ ਨੇ ਅੱਜ ਦੀਵਾਰ ਢਾਹ ਕੇ ਨਾਜਾਇਜ਼ ਕਬਜ਼ਾ ਹਟਵਾ ਦਿੱਤਾ। ਇਸ ਕਾਰਨ ਵਾਰਡ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ।
ਸਥਾਨਕ ਮੋਰਿਡਾ ਰੋਡ ’ਤੇ ਗੈਸ ਏਜੰਸੀ ਦੇ ਨਾਲ ਲਗਦੀ ਖਾਲੀ ਪਈ ਸ਼ਾਮਲਾਤ ਜ਼ਮੀਨ ’ਤੇ ਇੱਕ ਕਲੋਨੀ ਨਿਵਾਸੀ ਨੇ ਕਬਜ਼ਾ ਕਰ ਲਿਆ ਸੀ। ਦੀਵਾਰ ਕਰਕੇ ਕਬਜ਼ਾ ਕਰਨ ਤੋਂ ਇਲਾਵਾ ਕਲੋਨੀ ਦਾ ਰਸਤਾ ਵੀ ਬੰਦ ਕਰ ਦਿੱਤਾ ਗਿਆ। ਇਸ ਸਬੰਧੀ ਪੰਜਾਬੀ ਟ੍ਰਿਬਿਊਨ ਵੱਲੋਂ ਸ਼ੁੱਕਰਵਾਰ ਨੂੰ ‘ਕਬਜ਼ਾ ਕਰਨ ਦਾ ਮਾਮਲਾ ਪਲੀਸ ਤੱਕ ਪੁੱਜਾ’ ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਕਰਕੇ ਮਾਮਲਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਸੀ। ਇਸੇ ਦੌਰਾਨ ਅੱਜ ਹਰਕਤ ਵਿੱਚ ਆਈ ਕੌਂਸਲ ਨੇ ਜ਼ਮੀਨ ਸਬੰਧੀ ਰਿਕਾਰਡ ਘੋਖਣ ਉਪਰੰਤ ਕੌਂਸਲ ਦੀ ਟੀਮ ਗਠਨ ਕਰਦਿਆਂ ਨਜਾਇਜ਼ ਕਬਜ਼ਾ ਹਟਾਉਣ ਦੀ ਹੁਕਮ ਦਿੱਤੇ। ਉਕਤ ਹੁਕਮਾਂ ਦੇ ਮੱਦੇਨਜ਼ਰ ਨੋਡਲ ਅਫ਼ਸਰ ਵਿਸ਼ਵਦੀਪ ਸਿੰਘ ਦੀ ਅਗਵਾਈ ਹੇਠ ਅਸ਼ੋਕ ਕੁਮਾਰ,ਸ਼ੇਰ ਸਿੰਘ,ਵਿਜੇ ਕੁਮਾਰ ਆਦਿ ਦੀ ਟੀਮ ਨੇ ਜੇਸੀਵੀ ਮਸ਼ੀਨ ਦੀ ਮਦਦ ਨਾਲ ਨਾਜਾਇਜ਼ ਤੌਰ ’ਤੇ ਕੀਤੀ ਦੀਵਾਰ ਨੂੰ ਹਟਾ ਦਿੱਤਾ। ਇਸੇ ਦੌਰਾਨ ਵਾਰਡ ਵਾਸੀਆਂ ਨੇ ਕੌਂਸਲ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਇਸੇ ਦੌਰਾਨ ਵਾਰਡ ਵਾਸੀਆਂ ਨੇ ਮੰਗ ਕੀਤੀ ਕਿ ਕਾਬਜ਼ਕਾਰ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ।