ਪਾਇਲ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਿਆੜ੍ਹ ਇਕਾਈ ਨੇ ਪ੍ਰਧਾਨ ਭਜਨ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੂੰ ਪਿਛਲੇ ਛੇ ਮਹੀਨਿਆਂ ਦਾ ਹਿਸਾਬ ਦਿੱਤਾ। ਕਿਸਾਨ ਆਗੂਆਂ ਨੇ ਪਿੰਡ ਵਿੱਚ ਪੰਦਰਾਂ ਥਾਵਾਂ ’ਤੇ ਹਿਸਾਬ ਕਿਤਾਬ ਦੇ ਪੋਸਟਰ ਕੰਧਾਂ ’ਤੇ ਚਿਪਕਾ ਕੇ ਸੰਪਰਕ ਵੀ ਸਾਂਝੇ ਕੀਤੇ ਹਨ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਡੀਏਪੀ ਦੀ ਤੋਟ ਛੇਤੀ ਤੋਂ ਛੇਤੀ ਪੂਰੀ ਕੀਤੀ ਜਾਵੇ, ਗੱਲਾ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਮੰਨ ਕੇ ਹੜਤਾਲ ਖਤਮ ਕਰਵਾਈ ਜਾਵੇ ਅਤੇ ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰ ਕੇ ਛੇਤੀ ਤੋਂ ਛੇਤੀ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਜਾਵੇ ਤਾਂ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਕਿਸਾਨ ਆਗੂਆਂ ਨੇ ਕਿਹਾ ਕਿ ਮੰਡੀਆਂ ਵਿੱਚ ਬਹੁਤ ਸਾਰੀ ਫਸਲ ਵਿਕਣ ਲਈ ਆ ਰਹੀ ਹੈ ਪਰ ਸਰਕਾਰ ਦੀ ਗ਼ਲਤੀ ਕਾਰਨ ਖਰੀਦੀ ਨਹੀਂ ਜਾ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਾ ਡੀਏਪੀ ਦੀ ਘਾਟ ਦੀ ਚਿੰਤਾ ਹੈ ਤੇ ਨਾ ਹੀ ਝੋਨੇ ਦੀ ਫ਼ਸਲ ਦੀ ਵਿੱਕਰੀ ਦਾ ਫ਼ਿਕਰ, ਸਗੋਂ ਪਰਾਲੀ ਨਾ ਸਾੜਨ ’ਤੇ ਪੂਰਾ ਜ਼ੋਰ ਲਾਇਆ ਹੋਇਆ ਹੈ। -ਪੱਤਰ ਪ੍ਰੇਰਕ