ਪੱਤਰ ਪ੍ਰੇਰਕ
ਭਗਤਾ ਭਾਈ, 6 ਅਕਤੂਬਰ
ਪਿੰਡ ਸਲਾਬਤਪੁਰਾ ਵਿੱਚ ਕਾਂਗਰਸ ਪਾਰਟੀ ਨੂੰ ਉਦੋਂ ਵੱਡੀ ਮਜ਼ਬੂਤੀ ਮਿਲੀ ਜਦੋਂ ਯੂਥ ਆਗੂ ਅਮਨਦੀਪ ਸਿੰਘ ਧਾਲੀਵਾਲ ਸਮੇਤ 125 ਪਰਿਵਾਰਾਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਹਾਜ਼ਰੀ ’ਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸ੍ਰੀ ਕਾਂਗੜ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਢਾਈ ਸਾਲ ਦੇ ਕਾਰਜਕਾਲ ਦੌਰਾਨ ਵਿਧਾਨ ਸਭਾ ਚੋਣਾਂ ਸਮੇਂ ਦਿੱਤੀ ਕਿਸੇ ਵੀ ਗਾਰੰਟੀ ਨੂੰ ਪੂਰਾ ਨਹੀਂ ਕਰ ਸਕੀ ਤੇ ਇਹ ਗਾਰੰਟੀਆਂ ਸਿਰਫ਼ ਇਸ਼ਤਿਹਾਰਬਾਜ਼ੀ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਕਰਾਰੀ ਹਾਰ ਨੂੰ ਦੇਖਦੇ ਹੋਏ ਵਿਰੋਧ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਤੇ ਉਨ੍ਹਾਂ ਨੂੰ ਝੂਠੇ ਮਾਮਲਿਆਂ ਵਿਚ ਉਲਝਾਉਣ ਦੇ ਹੋਛੇ ਹੱਥਕੰਡੇ ਵਰਤ ਰਹੀ ਹੈ। ਪਿੰਡ ਸਲਾਬਤਪੁਰਾ ਦੇ ਚੋਣ ਲੜ ਰਹੇ ਨੌਜਵਾਨ ਉਮੀਦਵਾਰ ਅਮਨਦੀਪ ਸਿੰਘ ਧਾਲੀਵਾਲ ਦੇ ਘਰ ਪੁਲੀਸ ਵੱਲੋਂ ਛਾਪਾ ਮਾਰਨਾ ਇਸ ਗੱਲ ਦਾ ਵੱਡਾ ਸਬੂਤ ਹੈ। ਸ੍ਰੀ ਕਾਂਗੜ ਨੇ ਕਿਹਾ ਕਿ ਉਹ ਹਲਕੇ ਦੇ ਕਿਸੇ ਵੀ ਉਮੀਦਵਾਰ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣਗੇ। ਇਸ ਮੌਕੇ ਪਾਲ ਸਿੰਘ ਆਦਮਪੁਰਾ, ਡਾ. ਸਵਰਨਜੀਤ ਕਾਂਗੜ, ਜਸਪਾਲ ਸਿੰਘ ਪੱਪੂ ਤੇ ਲਾਲੀ ਕਾਂਗੜ ਆਦਿ ਹਾਜ਼ਰ ਸਨ।