ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 7 ਅਕਤੂਬਰ
ਇੱਥੇ ਇੱਕ ਠੱਗ ਨੇ ਇੱਕ ਬੈਂਕ ਖਾਤਾਧਾਰਕ ਦਾ ਕਾਰਡ ਬਦਲ ਕੇ ਉਸ ਨਾਲ ਠੱਗੀ ਮਾਰ ਲਈ ਹੈ। ਪੀੜਤ ਦਰਸ਼ਨ ਸਿੰਘ ਵਾਸੀ ਪੰਜਗਰਾਈਆਂ ਨੇ ਦੱਸਿਆ ਕਿ ਉਸਦਾ ਇੱਕ ਬੈਂਕ ਵਿੱਚ ਖਾਤਾ ਚੱਲਦਾ ਹੈ ਜਿਸ ਦਾ ਉਸ ਕੋਲ ਏਟੀਐੱਮ ਕਾਰਡ ਵੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਨਵਾਂ ਏਟੀਐੱਮ ਕਾਰਡ ਮਿਲਿਆ ਸੀ ਜਿਸ ਨੂੰ ਅਪਡੇਟ ਕਰਨ ਲਈ ਉਹ ਇੱਕ ਏਟੀਐੱਮ ਦੇ ਕੈਬਿਨ ਵਿੱਚ ਗਿਆ ਜਿੱਥੇ ਉਸ ਤੋਂ ਇਹ ਅਪਡੇਟ ਨਾ ਹੋਇਆ। ਉਸ ਨੇ ਦੱਸਿਆ ਕਿ ਕੈਬਿਨ ਵਿੱਚ ਨਾਲ ਹੀ ਖੜ੍ਹੇ ਇੱਕ ਨੌਜਵਾਨ ਨੇ ਕਿਹਾ ਕਿ ਉਹ ਉਸ ਦਾ ਕਾਰਡ ਅਪਡੇਟ ਕਰ ਦਿੰਦਾ ਹੈ ਜਿਸ ਨੇ ਇਹ ਨਵਾਂ ਕਾਰਡ ਮਸ਼ੀਨ ਵਿੱਚ ਪਾਇਆ ਅਤੇ ਪਾਸਵਰਡ ਭਰਨ ਲਈ ਕਿਹਾ। ਪਾਸਵਰਡ ਭਰਨ ਤੋਂ ਬਾਅਦ ਉਸ ਨੇ ਕਾਰਡ ਵਾਪਸ ਕਰ ਦਿੱਤਾ। ਕੁਝ ਸਮੇਂ ਬਾਅਦ ਹੀ ਉਸ ਨੂੰ ਮੋਬਾਈਲ ’ਤੇ ਮੈਸੇਜ ਆਏ ਜਿਸ ਤੋਂ ਉਸ ਨੂੰ ਪਤਾ ਲੱਗਾ ਕਿ ਉਸਦੇ ਖਾਤੇ ’ਚੋਂ ਏਟੀਐੱਮ ਰਾਹੀਂ 2.01 ਲੱਖ ਰੁਪਏ ਨਿਕਲ ਚੁੱਕੇ ਹਨ। ਜਦੋਂ ਉਸਨੇ ਆਪਣਾ ਏਟੀਐੱਮ ਕਾਰਡ ਚੈੱਕ ਕੀਤਾ ਤਾਂ ਇਹ ਉਸਦਾ ਨਹੀਂ ਸੀ। ਪੀੜਤ ਦਰਸ਼ਨ ਸਿੰਘ ਵੱਲੋਂ ਇਸ ਸਬੰਧੀ ਮਾਛੀਵਾੜਾ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।