ਗਾਜ਼ੀਆਬਾਦ, 7 ਅਕਤੂਬਰ
ਵਿਵਾਦਾਂ ਵਿੱਚ ਰਹਿਣ ਵਾਲੇ ਮਹੰਤ ਯਤੀ ਨਰਸਿੰਹਾਨੰਦ ਦੇ ਸਹਿਯੋਗੀ ਦੀ ਸ਼ਿਕਾਇਤ ਮਗਰੋਂ ਧਾਰਮਿਕ ਸਮੂਹਾਂ ਵਿਚਾਲੇ ਕਥਿਤ ਤੌਰ ’ਤੇ ਟਕਰਾਅ ਵਧਾਉਣ ਅਤੇ ਹੋਰ ਅਪਰਾਧਾਂ ਸਬੰਧੀ ਆਲਟ-ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਖ਼ਿਲਾਫ਼ ਇੱਥੇ ਇੱਕ ਐੱਫਆਈਆਰ ਦਰਜ ਕੀਤੀ ਗਈ ਹੈ। ਪੈਗੰਬਰ ਮੁਹੰਮਦ ਖ਼ਿਲਾਫ਼ ਆਪਣੀਆਂ ਕਥਿਤ ਟਿੱਪਣੀਆਂ ਨੂੰ ਲੈ ਕੇ ਨਰਸਿੰਹਾਨੰਦ ਕਈ ਐੱਫਆਈਆਰਜ਼ ਅਤੇ ਮੁਸਲਿਮ ਸਮੂਹਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਹੇ ਹਨ। ਯਤੀ ਨਰਸਿੰਹਾਨੰਦ ਸਰਸਵਤੀ ਫਾਊਂਡੇਸ਼ਨ ਦੀ ਜਨਰਲ ਸਕੱਤਰ ਉਦਿਤਾ ਤਿਆਗੀ ਨੇ ਕਵੀਨਗਰ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਜ਼ੁਬੈਰ ਨੇ ਤਿੰਨ ਅਕਤੂਬਰ ਨੂੰ ਨਰਸਿੰਹਾਨੰਦ ਦੇ ਇੱਕ ਪੁਰਾਣੇ ਪ੍ਰੋਗਰਾਮ ਦੀ ਵੀਡੀਓ ਕਲਿੱਪ ਪੋਸਟ ਕੀਤੀ ਤਾਂ ਕਿ ਮੁਸਲਮਾਨਾਂ ਨੂੰ ਉਨ੍ਹਾਂ ਖ਼ਿਲਾਫ਼ ਹਿੰਸਾ ਭੜਕਾਉਣ ਲਈ ਉਕਸਾਇਆ ਜਾ ਸਕੇ। -ਪੀਟੀਆਈ