ਭਗਵਾਨ ਦਾਸ ਸੰਦਲ
ਦਸੂਹਾ, 7 ਅਕਤੂਬਰ
ਇੱਥੇ ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਦਸੂਹਾ ਕੌਂਸਲ ਦੇ ਸਫ਼ਾਈ ਸੇਵਕਾਂ, ਸੀਵਰਮੈਨਾਂ, ਡਰਾਈਵਰਾਂ, ਕੰਪਿਊਟਰ ਅਪਰੇਟਰਾਂ ਤੇ ਹੋਰ ਆਊਟਸੋਰਸ ਅਤੇ ਕੱਚੇ ਮੁਲਾਜ਼ਮਾਂ ਵੱਲੋਂ ਲਟਕ ਰਹੀਆਂ ਹੱਕੀ ਮੰਗਾਂ ਦੇ ਰੋਸ ਵਿੱਚ ਰਾਜੀਵ ਗਾਂਧੀ ਪਾਰਕ ਅੱਗੇ ਘੜਾ ਭੰਨ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਸਿਕੰਦਰ ਕੁਮਾਰ ਮਲਿਕ, ਦੀਪਕ ਥਾਪਰ, ਸਿਕੰਦਰ ਸਹੋਤਾ ਤੇ ਸਰਵਨ ਸਿੰਘ ਨੇ ਕੀਤੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ 1 ਜਨਵਰੀ 2024 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਮੁਲਾਜ਼ਮਾਂ ਨੂੰ ਪੀਐਫ ਵਿੱਚੋਂ ਵਾਪਸੀ ਯੋਗ ਕਰਜ਼ਾ ਲੈਣ ਦੀ ਪ੍ਰਵਾਨਗੀ ਦੇਣ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਤਨਖ਼ਾਹਾਂ ਸਮੇਂ ਸਿਰ ਦੇਣ ਲਈ ਵੈਟ ਦੀ ਰਕਮ ਦੁੱਗਣਾ ਕਰਨ, ਬੀਮੇ ਦੀ ਰਕਮ ਵਧਾ ਕੇ 20 ਲੱਖ ਕਰਨ, ਸੱਤਵੇਂ ਪੇਅ ਕਮਿਸ਼ਨ ਦਾ ਜਲਦ ਗਠਨ ਕਰਨ ਆਦਿ ਮੰਗਾਂ ਲੰਮੇਂ ਸਮੇਂ ਤੋਂ ਲਟਕ ਰਹੀਆਂ ਹਨ। ਇਨ੍ਹਾਂ ਬਾਰੇ ਜਥੇਬੰਦੀ ਦੇ ਸੂਬਾ ਪੱਧਰੀ ਆਗੂਆਂ ਵੱਲੋਂ ਕਈ ਵਾਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ, ਪਰ ਸਰਕਾਰ ਵੱਲੋਂ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਆਪਣਾ ਰੋਸ ਦਰਜ ਕਰਵਾਇਆ।
ਇਸ ਮੌਕੇ ਰਮੇਸ਼ ਕੁਮਾਰ, ਪਰਮਿੰਦਰ ਸਿੰਘ, ਸੰਦੀਪ ਸਿੰਘ, ਗੋਲਡੀ, ਹੀਰਾ, ਰਵੀ ਬਾਬਾ, ਸੰਦੀਪ ਬਾਹਰੀ, ਮੋਹਿਤ ਗੁਪਤਾ, ਕੁਸ਼ੱਲਿਆ, ਮਮਤਾ, ਕੁਲਬੀਰ ਕੌਰ, ਪ੍ਰਵੀਨ, ਸੀਵਰਮੈਨ ਰਿੰਕੀ, ਰੋਹਿਤ ਆਦਿ ਮੌਜੂਦ ਸਨ।