ਚੰਡੀਗੜ੍ਹ, 8 ਅਕਤੂਬਰ
ਹਰਿਆਣਾ ਦੀ ਉਚਾਨਾ ਕਲਾਂ ਸੀਟ ਤੋਂ ਭਾਜਪਾ ਉਮੀਦਵਾਰ ਦਵਿੰਦਰ ਚਤਰ ਭੁਜ ਅੱਤਰੀ ਨੇ ਸਿਰਫ਼ 32 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਆਪਣੇ ਨਜ਼ਦੀਕੀ ਵਿਰੋਧੀ ਅਤੇ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਆਈਏਐਸ ਅਧਿਕਾਰੀ ਬ੍ਰਿਜੇਂਦਰ ਸਿੰਘ ਨੂੰ ਹਰਾਇਆ ਹੈ। ਇਸ ਸੀਟ ਤੋਂ ਜਨਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਿਅੰਤ ਚੌਟਾਲਾ ਵਿਧਾਇਕ ਸਨ, ਪਰ ਉਹ ਅੱਜ ਵੋਟਾਂ ਦੀ ਗਿਣਤੀ ਦੇ ਅਮਲ ਦੌਰਾਨ ਪੰਜਵੇਂ ਸਥਾਨ ’ਤੇ ਰਹੇ। ਚੋਣ ਕਮਿਸ਼ਨ ਅਨੁਸਾਰ ਅੱਤਰੀ ਨੂੰ 48,968 ਵੋਟਾਂ ਮਿਲੀਆਂ ਜਦਕਿ ਕਾਂਗਰਸ ਪਾਰਟੀ ਦੇ ਬ੍ਰਿਜੇਂਦਰਾ ਸਿੰਘ ਨੂੰ 48,936 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਚੌਟਾਲਾ ਨੂੰ 7,950 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਜ਼ਿਕਰਯੋਗ ਹੈ ਕਿ ਹਰਿਆਣਾ ’ਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਈਆਂ ਸਨ। ਪੀਟੀਆਈ