ਜੋਗਿੰਦਰ ਸਿੰਘ ਓਬਰਾਏ
ਖੰਨਾ, 8 ਅਕਤੂਬਰ
ਇਥੋਂ ਨੇੜਲੇ ਪਿੰਡ ਘੁੰਗਰਾਲੀ ਅਤੇ ਰਤਨਹੇੜੀ ਵਿੱਚ ਵਿਰੋਧੀ ਪਾਰਟੀਆਂ ਦੇ ਕਾਗਜ਼ ਰੱਦ ਹੋਣ ਖ਼ਿਲਾਫ਼ ਪਿੰਡਾਂ ਦੇ ਲੋਕ ਸੜਕਾਂ ’ਤੇ ਉਤਰ ਆਏ। ਪੰਚਾਇਤ ਚੋਣਾਂ ਦੌਰਾਨ ਕਾਗਜ਼ ਰੱਦ ਕਰਨ ਖ਼ਿਲਾਫ਼ ਪਿੰਡ ਘੁੰਗਰਾਲੀ ਰਾਜਪੂਤਾਂ ਦੇ ਵਾਸੀਆਂ ਨੇ ਅੱਜ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦਿੰਦਿਆਂ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੇ ਐਲਾਨ ਹੁੰਦਿਆਂ ਹੀ ਉਨ੍ਹਾਂ ਦੇ ਪਿੰਡ ਵਿੱਚ ਚਾਹਵਾਨਾਂ ਨੇ ਪੰਚੀ ਅਤੇ ਸਰਪੰਚੀ ਲੈਣ ਲਈ ਫਾਰਮ ਭਰੇ ਸਨ ਪਰ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਹੋਣ ਕਾਰਨ ਆਪਣਾ ਧੱਕਾਸ਼ਾਹੀ ਵਾਲਾ ਰੁਖ਼ ਅਪਣਾਇਆ। ਪਿੰਡ ਨਾਲ ਵੱਡਾ ਧੱਕਾ ਕਰਕੇ ਵਿਰੋਧੀ ਧਿਰ ਦੇ 16 ਉਮੀਦਵਾਰਾਂ ਦੇ ਕਾਗਜ਼ ਰੱਦ ਕਰਕੇ ‘ਆਪ’ ਪਾਰਟੀ ਨੇ ਆਪਣੇ ਪੱਖ ਦੇ ਉਮੀਦਵਾਰ ਨੂੰ ਨਿਰਵਿਰੋਧ ਸਰਪੰਚ ਜਿਤਾ ਕੇ ਪੰਚਾਇਤ ਬਣਾ ਲਈ। ਇਸ ਮੌਕੇ ਵਿਰੋਧੀ ਧਿਰ ਦੇ ਮੈਬਰਾਂ ਨੇ ਰੋਸ ਪ੍ਰਗਟ ਕਰਦਿਆਂ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਮੁੜ ਬਹਾਲ ਕਰਕੇ ਪਿੰਡ ਵਿੱਚ ਲੋਕਾਂ ਤੋਂ ਖੋਹੇ ਲੋਕਤੰਤਰੀ ਹੱਕ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਸਰਪੰਚ ਹਰਪਾਲ ਸਿੰਘ ਚਹਿਲ, ਅੰਮ੍ਰਿਤ ਸਿੰਘ ਭਾਰਤੀ, ਅਮਨਦੀਪ ਸਿੰਘ, ਦਰਸ਼ਨ ਸਿੰਘ ਮਹਿਮੀ, ਹਰਦੀਪ ਸਿੰਘ ਚੀਮਾ, ਗੁਰਕਮਲ ਸਿੰਘ, ਮਨੀ ਮੱਟੂ ਅਤੇ ਰਾਜਾ ਮਹਿਮੀ ਹਾਜ਼ਰ ਸਨ।
ਪਿੰਡ ਵਾਸੀਆਂ ਨੇ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ
ਪਿੰਡ ਵਾਸੀਆਂ ਨੇ ਐੱਸਡੀਐੱਮ ਦੀ ਗੈਰਹਾਜ਼ਰੀ ਵਿੱਚ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ, ਜਿਨ੍ਹਾਂ ਅੱਜ ਸ਼ਾਮ ਤੱਕ ਰਿਪੋਰਟ ਮੰਗ ਕੇ ਸਹੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਇਸ ਸਬੰਧੀ ਐੱਸਡੀਐੱਮ ਡਾ.ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕਾਨੂੰਨ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।