ਗਗਨਦੀਪ ਅਰੋੜਾ
ਲੁਧਿਆਣਾ, 9 ਅਕਤੂਬਰ
ਸ਼ੇਰਪੁਰ ਦੀ ਫੌਜੀ ਕਲੋਨੀ ’ਚ ਰਹਿੰਦੀ 7 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਕਤਲ ਦੀ ਵਾਰਦਾਤ ਨੂੰ ਪੁਲੀਸ ਨੇ 24 ਘੰਟਿਆਂ ਵਿੱਚ ਸੁਲਝਾ ਲਿਆ। ਇਸ ਮਾਮਲੇ ਵਿੱਚ ਪੁਲੀਸ ਨੇ ਜਤਿੰਦਰ ਕੁਮਾਰ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਮੂਲ ਰੂਪ ਵਿੱਚ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਜਗਦੀਸ਼ਪੁਰ ਖੇਤਰ ਦਾ ਰਹਿਣ ਵਾਲਾ ਹੈ। ਜੁਆਇੰਟ ਪੁਲੀਸ ਕਮਿਸ਼ਨਰ ਦਿਹਾਤੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਬੱਚੀ ਦੇ ਮਾਤਾ-ਪਿਤਾ ਰੋਜ਼ਾਨਾ ਕੰਮ ’ਤੇ ਚਲੇ ਜਾਂਦੇ ਸਨ ਅਤੇ ਉਸ ਦੀ ਦਾਦੀ ਉਸ ਦੀ ਦੇਖਭਾਲ ਕਰਦੀ ਸੀ। ਮੁਲਜ਼ਮ ਜਤਿੰਦਰ ਬੱਚੀ ਦੇ ਪਰਿਵਾਰ ਦੇ ਜਾਣ ਤੋਂ ਬਾਅਦ ਉਸ ਨੂੰ ਟੋਫੀਆਂ ਦੇਣ ਦਾ ਝਾਂਸਾ ਦੇ ਕੇ ਆਪਣੇ ਨਾਲ ਹੀ ਵਿਹੜੇ ਦੇ ਕਮਰੇ ਵਿੱਚ ਲੈ ਗਿਆ। ਜਿੱਥੇ ਮੁਲਜ਼ਮ ਨੇ ਬੱਚੀ ਨਾਲ ਜਬਰ ਜਨਾਹ ਕੀਤਾ। ਲੜਕੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਮੁਲਜ਼ਮ ਨੇ ਆਪਣੇ ਹੱਥ ਨਾਲ ਉਸ ਦਾ ਮੂੰਹ ਦਬਾ ਲਿਆ। ਇਸ ਦੌਰਾਨ ਬੱਚੀ ਦਾ ਸਾਹ ਰੁਕ ਗਿਆ ਅਤੇ ਬੱਚੀ ਦੀ ਮੌਤ ਹੋ ਗਈ। ਬੱਚੀ ਦੀ ਮੌਤ ਤੋਂ ਬਾਅਦ ਮੁਲਜ਼ਮ ਡਰ ਗਿਆ ਅਤੇ ਉਸ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਕੰਬਲ ’ਚ ਲਪੇਟ ਕੇ ਤੀਜੀ ਮੰਜ਼ਿਲ ਤੋਂ ਗੁਆਂਢੀਆਂ ਦੀ ਛੱਤ ’ਤੇ ਸੁੱਟ ਦਿੱਤਾ। ਮਗਰੋਂ ਮੁਲਜ਼ਮ ਫਰਾਰ ਹੋ ਗਿਆ। ਪੁਲੀਸ ਨੇ ਜਦੋਂ ਜਾਂਚ ਕੀਤੀ ਤਾਂ ਉਨ੍ਹਾਂ ਦਾ ਸ਼ੱਕ ਜਤਿੰਦਰ ’ਤੇ ਗਿਆ, ਜੋ ਲਾਪਤਾ ਸੀ। ਜਤਿੰਦਰ ਦੀ ਪਤਨੀ ਉਸ ਤੋਂ ਵੱਖ ਰਹਿੰਦੀ ਹੈ ਅਤੇ ਉਹ ਸ਼ਰਾਬੀ ਹੈ।ਪੁਲੀਸ ਨੇ ਮੁਲਜ਼ਮ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਧਾਰਮਿਕ ਸਥਾਨ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ।
ਤਿੰਨ ਡਾਕਟਰਾਂ ਦੇ ਬੋਰਡ ਨੇ ਕੀਤਾ ਲਾਸ਼ ਦਾ ਪੋਸਟਮਾਰਟਮ
ਸੱਤ ਸਾਲਾ ਬੱਚੀ ਦੇ ਕਤਲ ਦੇ ਮਾਮਲੇ ’ਚ ਸਿਵਲ ਹਸਪਤਾਲ ਵਿੱਚ ਡਾ. ਅਭਿਸ਼ੇਕ ਮੰਗਲਾ, ਡਾ. ਰੁਚੀ ਅਤੇ ਡਾ. ਸਵਿਤਾ ਸਹਿਦੇਵ ’ਤੇ ਆਧਾਰਿਤ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕੀਤਾ। ਜਾਂਚ ਦੌਰਾਨ ਪਤਾ ਲੱਗਿਆ ਕਿ ਛੱਤ ਤੋਂ ਸੁੱਟੇ ਜਾਣ ’ਤੇ ਬੱਚੀ ਦੇ ਸਿਰ ਦੀ ਹੱਡੀ ਟੁੱਟ ਗਈ। ਬੱਚੀ ਦੇ ਸਵੈਬ ਵੀ ਜਾਂਚ ਲਈ ਭੇਜੇ ਗਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਬੱਚੀ ਨਾਲ ਜਬਰ ਜਨਾਹ ਮਗਰੋਂ ਮੁਲਜ਼ਮ ਨੇ ਬੱਚੀ ਦਾ ਕਤਲ ਕੀਤਾ ਸੀ।