ਪੱਤਰ ਪ੍ਰੇਰਕ
ਜਲੰਧਰ, 9 ਅਕਤੂਬਰ
ਅੰਮ੍ਰਿਤਸਰ ਮਾਰਗ ’ਤੇ ਸਥਿਤ ਸੀਜੇਐੱਸ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਦੇ ਕੜੇ ਲੁਹਾਉਣ ਦਾ ਫ਼ੁਰਮਾਨ ਜਾਰੀ ਕਰਨ ਵਾਲੀ ਪ੍ਰਿੰਸੀਪਲ ਵੱਲੋਂ ਸਿੱਖ ਤਾਲਮੇਲ ਕਮੇਟੀ ਅਤੇ ਹੋਰ ਆਗੂਆਂ ਨਾਲ ਕਥਿਤ ਬਦਤਮੀਜ਼ੀ ਕਰਨ ’ਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਪ੍ਰਿੰਸੀਪਲ ਅਤੇ ਕਲਰਕ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਮਗਰੋ ਮੈਨੇਜਮੈਂਟ ਨੇ ਜਥੇਬੰਦੀਆਂ ਦੇ ਆਗੂਆਂ ਕੋਲੋਂ ਮੁਆਫ਼ੀ ਵੀ ਮੰਗ ਲਈ ਹੈ। ਅੱਗੇ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦੇਣ ਉਪਰੰਤ ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅਜਿਹਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮਾਮਲਾ ਪੁਲੀਸ ਤੱਕ ਪਹੁੰਚਣ ’ਤੇ ਪ੍ਰਿੰਸੀਪਲ ਵੱਲੋਂ ਖ਼ੁਦ ਕੜੇ ਪਵਾ ਕੇ ਗਲਤੀ ਮੰਨਦਿਆਂ ਹੋਇਆਂ ਮੁਆਫ਼ੀ ਮੰਗੀ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੋ ਵੀ ਵਿਦਿਆਰਥੀ ਕੜਾ ਪਾ ਕੇ ਸਕੂਲ ਆਉਂਦਾ ਸੀ ਉਸ ਦੇ ਜ਼ਬਰਦਸਤੀ ਕੜੇ ਉਤਰਵਾ ਲਏ ਜਾਂਦੇ ਸੀ।