ਨਵੀਂ ਦਿੱਲੀ, 9 ਅਕਤੂਬਰ
ਪੱਛਮੀ ਦਿੱਲੀ ਦੇ ਵਿਕਾਸਪੁਰੀ ਵਿੱਚ ਸਥਾਨਕ ਲੋਕਾਂ ਅਤੇ ਸ਼ਰਨਾਰਥੀਆਂ ਵਿਚਾਲੇ ਹੋਏ ਝਗੜੇ ਦੌਰਾਨ ਤੇਜ਼ਾਬ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਇੱਕ ਸੀਰਿਆਈ ਨਾਗਰਿਕ ਸਮੇਤ ਤਿੰਨ ਸ਼ਰਨਾਰਥੀ ਝੁਲਸ ਗਏ। ਪੁਲੀਸ ਅਨੁਸਾਰ ਇਸ ਹਮਲੇ ’ਚ 11 ਮਹੀਨੇ ਦਾ ਬੱਚਾ ਵੀ ਝੁਲਸ ਗਿਆ ਸੀ ਜਿਸ ਨੂੰ ਅੱਜ ਸਫਦਰਜੰਗ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਕੇਸ ਦਰਜ ਕਰਕੇ ਵਿਕਾਸਪੁਰੀ ਵਾਸੀ ਰਾਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮੁਤਾਬਕ ਇਹ ਘਟਨਾ 30 ਸਤੰਬਰ ਨੂੰ ਵਿਕਾਸਪੁਰੀ ਸਥਿਤ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਫਾਰ ਰਫਿਊਜੀਜ਼ (ਯੂਐੱਨਐਚਆਰਸੀ) ਦੇ ਦਫ਼ਤਰ ਨੇੜੇ ਵਾਪਰੀ ਸੀ। ਇਸ ਸਬੰਧੀ ਡੀਸੀਪੀ (ਪੱਛਮੀ) ਵਚਿੱਤਰ ਵੀਰ ਨੇ ਕਿਹਾ ਕਿ 8 ਅਕਤੂਬਰ ਦਰਜ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਅੱਜ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। -ਪੀਟੀਆਈ