ਨਵੀਂ ਦਿੱਲੀ, 10 ਅਕਤੂਬਰ
ਕੇਂਦਰ ਸਰਕਾਰ ਨੇ ਤਿਉਹਾਰਾਂ ਨੂੰ ਦੇਖਦਿਆਂ ਸੂਬਿਆਂ ਨੂੰ 1,78,173 ਕਰੋੜ ਰੁਪਏ ਟੈਕਸ ਮਾਲੀਏ (ਟੈਕਸ ਡਿਵੋਲਿਊਸ਼ਨ) ਵਜੋਂ ਜਾਰੀ ਕੀਤੇ ਹਨ। ਇਸ ’ਚੋਂ 89,086 ਕਰੋੜ ਰੁਪਏ ਐਡਵਾਂਸ ਕਿਸ਼ਤ ਵਜੋਂ ਜਾਰੀ ਕੀਤੇ ਗਏ ਹਨ। ਉਂਜ ਆਮ ਤੌਰ ’ਤੇ ਸੂਬਿਆਂ ਨੂੰ ਮਾਸਿਕ 89,086.50 ਕਰੋੜ ਰੁਪਏ ਹੀ ਮਿਲਦੇ ਹਨ। ਵਿੱਤ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਐਡਵਾਂਸ ਕਿਸ਼ਤ ਆਉਂਦੇ ਤਿਉਹਾਰਾਂ ਨੂੰ ਦੇਖਦਿਆਂ ਅਤੇ ਸੂਬਿਆਂ ਦੇ ਪੂੰਜੀਗਤ ਖ਼ਰਚਿਆਂ ’ਚ ਤੇਜ਼ੀ ਲਿਆਉਣ ਲਈ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਕਾਸ ਅਤੇ ਲਾਭਕਾਰੀ ਯੋਜਨਾਵਾਂ ’ਤੇ ਹੋਣ ਵਾਲੇ ਖ਼ਰਚਿਆਂ ’ਚ ਵੀ ਇਹ ਪੈਸਾ ਵਰਤਿਆ ਜਾ ਸਕਦਾ ਹੈ। ਮੌਜੂਦਾ ਸਮੇਂ ’ਚ ਕੇਂਦਰ ਵੱਲੋਂ ਇਕੱਤਰ ਕੀਤੇ ਜਾਂਦੇ ਟੈਕਸ ’ਚੋਂ ਸੂਬਿਆਂ ਨੂੰ 41 ਫ਼ੀਸਦ ਨਿਯਮਤ ਕਿਸ਼ਤ ਵਜੋਂ ਅਦਾ ਕੀਤੇ ਜਾਂਦੇ ਹਨ। -ਪੀਟੀਆਈ