ਜੋਗਿੰਦਰ ਸਿੰਘ ਓਬਰਾਏ
ਖੰਨਾ, 12 ਅਕਤੂਬਰ
ਇਥੋਂ ਦੇ ਕੌਮੀ ਮਾਰਗ ’ਤੇ ਮਾਲੇਰਕੋਟਲਾ ਚੌਕ ਨੇੜੇ ਸਕਰੈਪ ਨਾਲ ਭਰਿਆ ਇੱਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਮਗਰੋਂ ਟਰੱਕ ਦਾ ਡਰਾਈਵਰ ਬਾਹਰ ਨਿਕਲ ਕੇ ਪੁਲ ਦੀ ਸਲੈਬ ’ਤੇ ਬੈਠ ਗਿਆ, ਪਰ ਉਸ ਦਾ ਸੰਤੁਲਨ ਵਿਗੜਨ ਕਾਰਨ ਉਹ 40 ਫੁੱਟ ਹੇਠਾਂ ਜਾ ਡਿੱਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪੂ ਵਰਮਾ (24) ਵਾਸੀ ਯੂਪੀ, ਹਾਲ ਵਾਸੀ ਭਗਵਾਨ ਚੌਕ ਲੁਧਿਆਣਾ ਵਜੋਂ ਹੋਈ। ਹਾਦਸੇ ਮਗਰੋਂ ਰੋਡ ਸੇਫ਼ਟੀ ਫ਼ੋਰਸ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਟੀਮ ਸਮੇਤ ਮੌਕੇ ’ਤੇ ਪੁੱਜ ਕੇ ਹਾਦਸਾ ਗ੍ਰਸਤ ਵਾਹਨ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਵਾਈ।
ਇਸ ਸਬੰਧੀ ਮ੍ਰਿਤਕ ਦੇ ਭਰਾ ਜੀਆ ਵਰਮਾ ਨੇ ਦੱਸਿਆ ਕਿ ਦੀਪੂ ਪਿਛਲੇ 6 ਸਾਲਾਂ ਤੋਂ ਲੁਧਿਆਣਾ ਵਿੱਚ ਸਕਰੈਪ ਟਰੱਕ ਦੇ ਡਰਾਈਵਰ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਦੀ ਕਰੀਬ 2 ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਸ ਦਾ 6 ਸਾਲਾਂ ਦਾ ਪੁੱਤਰ ਹੈ। ਥਾਣਾ ਸਿਟੀ ਦੇ ਏਐੱਸਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਟਰੱਕ ਦਾ ਟਾਇਰ ਫਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਬਰਾਂ ਦੇ ਬਿਆਨ ਦਰਜ ਕਰਨ ਮਗਰੋਂ ਧਾਰਾ 194 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕੀਤੀ ਗਈ ਹੈ।