ਵਾਸ਼ਿੰਗਟਨ: ਅਮਰੀਕਾ ਨੇ ਭਾਰਤੀ ਜਹਾਜ਼ਰਾਨੀ ਕੰਪਨੀ ਸਣੇ ਦਰਜਨ ਹੋਰ ਕੰਪਨੀਆਂ ’ਤੇ ਗੈਰਕਾਨੂੰਨੀ ਢੰਗ ਨਾਲ ਇਰਾਨੀ ਤੇਲ ਏਸ਼ੀਆ ਦੀਆਂ ਮੰਡੀਆਂ ਵਿਚ ਵੇਚਣ ਦੇ ਦੋਸ਼ ਹੇਠ ਪਾਬੰਦੀ ਲਾ ਦਿੱਤੀ ਹੈ। ਇਹ ਕਾਰਵਾਈ ਇਰਾਨ ਵੱਲੋਂ ਇਜ਼ਰਾਈਲ ’ਤੇ ਪਹਿਲੀ ਅਕਤੂਬਰ ਨੂੰ ਮਿਜ਼ਾਈਲੀ ਹਮਲਾ ਕਰਨ ਤੋਂ ਬਾਅਦ ਕੀਤੀ ਗਈ ਹੈ। ਅਮਰੀਕੀ ਵਿਭਾਗ ਨੇ ਦੋਸ਼ ਲਾਇਆ ਕਿ ਭਾਰਤ ਆਧਾਰਿਤ ਕੰਪਨੀ ਗੈਬਾਰੋ ਸ਼ਿਪ ਸਰਵਿਸਿਜ਼ ਇਰਾਨੀ ਤੇਲ ਦੀ ਗੈਰਕਾਨੂੰਨੀ ਢੰਗ ਨਾਲ ਢੋਆ-ਢੁਆਈ ਵਿੱਚ ਸ਼ਾਮਲ ਸੀ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਕਿਹਾ ਕਿ ਇਰਾਨ ਨੇ ਇਜ਼ਰਾਈਲ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਤਲ ਅਵੀਵ ਨੂੰ ਨਿਸ਼ਾਨਾ ਬਣਾਇਆ ਜਿਸ ਵਿਚ ਵੱਡੀ ਗਿਣਤੀ ਨਿਰਦੋਸ਼ ਮਾਰੇ ਜਾ ਸਕਦੇ ਸਨ। ਇਸ ਹਮਲੇ ਤੋਂ ਬਾਅਦ ਅਮਰੀਕਾ ਨੇ ਸਪਸ਼ਟ ਕੀਤਾ ਸੀ ਕਿ ਇਰਾਨ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। -ਪੀਟੀਆਈ