ਪੱਤਰ ਪ੍ਰੇਰਕ
ਜ਼ੀਰਾ, 12 ਅਕਤੂਬਰ
ਜ਼ੀਰਾ-ਮੋਗਾ ਬਾਈਪਾਸ ’ਤੇ ਪਿੰਡ ਮਨਸੂਰਦੇਵਾ ਨੇੜੇ ਕੁਝ ਅਣਪਛਾਤਿਆਂ ਨੇ ਗੁਟਕਾ ਸਾਹਿਬ ਅਤੇ ਹਿੰਦੂ ਧਾਰਮਿਕ ਪੁਸਤਕਾਂ ਦੀ ਕਥਿਤ ਤੌਰ ’ਤੇ ਬੇਅਦਬੀ ਕੀਤੀ ਹੈ। ਇਸ ਸਬੰਧੀ ਮਨਸੂਰਦੇਵਾ ਦੇ ਵਸਨੀਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਜ਼ੀਰਾ-ਮੋਗਾ ਬਾਈਪਾਸ ’ਤੇ ਮਨਸੂਰਦੇਵਾ ਕੋਲੋਂ ਲੰਘਦੀ ਨਹਿਰ ਕੋਲ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਵੇਖਿਆ ਕਿ ਨਹਿਰ ਵਿੱਚ ਗੁਟਕਾ ਸਾਹਿਬ ਅਤੇ ਹਿੰਦੂ ਧਰਮ ਨਾਲ ਸਬੰਧਤ ਕੁਝ ਧਾਰਮਿਕ ਪੁਸਤਕਾਂ ਪਈਆਂ ਸਨ। ਇਸ ਮਗਰੋਂ ਉਨ੍ਹਾਂ ਤੁਰੰਤ ਪਿੰਡ ਦੇ ਸਰਪੰਚ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਮੌਕੇ ’ਤੇ ਬੁਲਾਇਆ। ਮੌਕੇ ’ਤੇ ਪਹੁੰਚੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਰਪ੍ਰਸਤ ਲਖਵੀਰ ਸਿੰਘ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਥਾਣਾ ਸਿਟੀ ਜ਼ੀਰਾ ਦੇ ਐੱਸਐੱਚਓ ਕੰਵਲਜੀਤ ਰਾਏ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਰਹੀ ਹੈ। ਜਾਂਚ ਮਗਰੋਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।