ਸ਼ਗਨ ਕਟਾਰੀਆ
ਜੈਤੋ, 12 ਅਕਤੂਬਰ
ਮੌਜੂਦਾ ਪੰਚਾਇਤ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਜੈਤੋ ਨਾਲ ਸਬੰਧਤ ਪਿੰਡਾਂ ਦੇ 24 ਸਰਪੰਚ ਅਤੇ 359 ਪੰਚ ਬਿਨਾਂ ਮੁਕਾਬਲਾ ਜੇਤੂ ਹੋਏ ਹਨ। ਅੱਜ ਜੈਤੋ ਦੇ ਵਿਧਾਇਕ ਇੰਜਨੀਅਰ ਅਮੋਲਕ ਸਿੰਘ ਨੇ ਇਨ੍ਹਾਂ 24 ਸਰਪੰਚਾਂ ਨੂੰ ਬੁਲਾ ਕੇ ਸਿਰੋਪੇ ਦਿੱਤੇ ਅਤੇ ਮੂੰਹ ਮਿੱਠਾ ਕਰਵਾਇਆ। ਅਮੋਲਕ ਸਿੰਘ ਨੇ ਕਿਹਾ , ‘ਸਰਬਸੰਮਤੀ ਕਰਨ ਵਾਲੇ ਨਗਰਾਂ ਦੇ ਵੋਟਰਾਂ ਦੀ ਦੂਰਅੰਦੇਸ਼ੀ ਲਈ ਮੇਰਾ ਰੋਮ-ਰੋਮ ਸ਼ੁਕਰਗੁਜ਼ਾਰ ਹੈ ਕਿ ਸਾਰਿਆਂ ਨੂੰ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ, ਸਰਬਸੰਮਤੀ ਨੂੰ ਤਰਜੀਹ ਦੇ ਕੇ ਮੇਰਾ ਭਰੋਸਾ ਹੋਰ ਦ੍ਰਿੜ ਕੀਤਾ ਹੈ।’ ਉਨ੍ਹਾਂ ਸਰਪੰਚਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਨਾਂ ਪੱਖਪਾਤ ਪਿੰਡਾਂ ਦੀ ਤਰੱਕੀ ਲਈ ਕਾਰਜਸ਼ੀਲ ਹੋਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਰਕਾਰੀ ਸਕੀਮਾਂ ਅਤੇ ਸਹੂਲਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਪੰਚਾਇਤ ਦੇ ਪ੍ਰਤੀਨਿਧ ਹੁਣ ਤੋਂ ਤਤਪਰਤਾ ਨਾਲ ਜੁਟ ਜਾਣ। ਇਸ ਮੌਕੇ ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ, ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕ ਜੈਤੋ ਦੇ ਚੇਅਰਮੈਨ ਗੋਬਿੰਦਰ ਸਿੰਘ ਵਾਲੀਆ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ‘ਆਪ’ ਦੇ ਬਲਾਕ ਪ੍ਰਧਾਨ ਬਲਕਰਨ ਸਰਾਵਾਂ, ਕਿਸਾਨ ਵਿੰਗ ਦੇ ਕੋਆਰਡੀਨੇਟਰ ਰਵਿੰਦਰ ਮੱਲਾ ਆਦਿ ਹਾਜ਼ਰ ਸਨ। ਸਨਮਾਨਿਤ ਹੋਣ ਵਾਲੇ ਸਰਪੰਚਾਂ ’ਚ ਕੋਠੇ ਹਰੀ ਸਿੰਘ ਦੇ ਜਸਵਿੰਦਰ ਕੌਰ, ਗੋਬਿੰਦਗੜ੍ਹ ਦੇ ਹਰਦੀਪਕ ਸਿੰਘ, ਕੋਠੇ ਸਰਾਵਾਂ ਦੇ ਬਲਵਿੰਦਰ ਸਿੰਘ, ਗੁਰੂਸਰ ਦੇ ਧਰਮਪਾਲ ਸਿੰਘ, ਕੋਠੇ ਬੋਘਾ ਸਿੰਘ ਦੇ ਪਰਮਜੀਤ ਕੌਰ, ਕੋਠੇ ਸੰਤਾ ਸਿੰਘ ਦੇ ਮਨਪ੍ਰੀਤ ਕੌਰ, ਕੋਠੇ ਬੰਬੀਹਾ ਦੇ ਮੁਖਤਿਆਰ ਸਿੰਘ, ਕੋਠੇ ਕਿਹਰ ਸਿੰਘ ਦੇ ਅਵਤਾਰ ਸਿੰਘ, ਬਸਤੀ ਸੰਤਾ ਸਿੰਘ ਮੱਲ ਦੇ ਰਜਿੰਦਰ ਕੌਰ, ਕੋਠੇ ਬਾਬਾ ਚੰਦਾ ਸਿੰਘ ਦੇ ਕਰਮਜੀਤ ਕੌਰ, ਗੁਰੂ ਕੀ ਢਾਬ ਦੇ ਜਸਵਿੰਦਰ ਸਿੰਘ, ਨਵਾਂ ਰੋੜੀਕਪੂਰਾ ਦੇ ਜਸਕਰਨ ਸਿੰਘ, ਰੋਮਾਣਾ ਅਜੀਤ ਸਿੰਘ ਦੇ ਜਸਪ੍ਰੀਤ ਕੌਰ, ਲੰਭਵਾਲੀ ਦੇ ਕੁਲਵਿੰਦਰ ਸਿੰਘ ਮਾਨ, ਰਣ ਸਿੰਘ ਵਾਲਾ ਦੇ ਬਲਵਿੰਦਰ ਕੌਰ, ਸ਼ਹੀਦ ਗੁਰਮੇਲ ਸਿੰਘ (ਦਲ ਸਿੰਘ ਵਾਲਾ) ਦੇ ਸੁਖਪਾਲ ਕੌਰ, ਕੋਠੇ ਮਹਿਲੜ ਦੇ ਬਲਜਿੰਦਰ ਕੌਰ, ਫ਼ਤਿਹਗੜ੍ਹ ਦੇ ਰਾਜਨ ਸਿੰਘ, ਕੋੋਠੇ ਸੰਪੂਰਨ ਸਿੰਘ ਦੇ ਗੁਰਮੇਲ ਸਿੰਘ, ਢੈਪਈ ਦੇ ਰਣਧੀਰ ਸਿੰਘ, ਕੋਠੇ ਚੰਦ ਸਿੰਘ ਦੇ ਜਸਪਾਲ ਸਿੰਘ, ਕੋਠੇ ਢਿੱਲਵਾਂ ਦੇ ਰੁਪਿੰਦਰ ਕੌਰ, ਕੋਠੇ ਰਾਮਸਰ ਦੇ ਤਰਵਿੰਦਰ ਸਿੰਘ ਕਿੰਦਾ ਅਤੇ ਕੋਠੇ ਚੱਕ ਭਾਗ ਸਿੰਘ ਦੇ ਲਖਵੀਰ ਕੌਰ ਸ਼ਾਮਲ ਸਨ।
ਉਮੀਦਵਾਰ ਰਾਮਪਾਲ ਮਲਕਾਣਾ ਨੂੰ ਸਿੱਕਿਆਂ ਨਾਲ ਤੋਲਿਆ
ਤਲਵੰਡੀ (ਜਗਜੀਤ ਸਿੰਘ ਸਿੱਧੂ): ਪਿੰਡ ਮਲਕਾਣਾ ਵਿੱਚ ਸਰਪੰਚੀ ਦੀ ਚੋਣ ਲੜ ਰਹੇ ਟਰੱਕ ਯੂਨੀਅਨ ਰਾਮਾਂ ਦੇ ਸਾਬਕਾ ਪ੍ਰਧਾਨ ਰਾਮਪਾਲ ਸਿੰਘ ਮਲਕਾਣਾ ਨੇ ਅੱਜ ਨੰਬਰਦਾਰਾਂ, ਸਾਬਕਾ ਸਰਪੰਚਾਂ-ਪੰਚਾਂ ਅਤੇ ਪਿੰਡ ਵਾਸੀਆਂ ਦੇ ਵੱਡੇ ਕਾਫ਼ਲੇ ਨਾਲ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਲੋਕਾਂ ਕੋਲੋਂ ਸਹਿਯੋਗ ਮੰਗਿਆ। ਉਨ੍ਹਾਂ ਨੂੰ ਸਮਰੱਥਕਾਂ ਵੱਲੋਂ ਪਿੰਡ ਵਿੱਚ ਕਈ ਥਾਈਂ ਲੱਡੂਆਂ, ਫ਼ਲਾਂ ਅਤੇ ਸਿੱਕਿਆਂ ਨਾਲ ਤੋਲਿਆ ਗਿਆ। ਉਮੀਦਵਾਰ ਰਾਮਪਾਲ ਸਿੰਘ ਮਲਕਾਣਾ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦੇ ਹਰ ਦੁੱਖ ਸੁੱਖ ਵਿੱਚ ਉਨ੍ਹਾਂ ਨਾਲ ਖੜ੍ਹਦੇ ਆ ਰਹੇ ਹਨ ਅਤੇ ਹਮੇਸ਼ਾਂ ਖੜ੍ਹਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਗੁਲਜ਼ਾਰ ਸਿੰਘ ਪੱਪੂ ਮਲਕਾਣਾ, ਬੇਅੰਤ ਸਿੰਘ, ਹਰਚਰਨ ਸਿੰਘ, ਬਲਵਿੰਦਰ ਸਿੰਘ ਭੂੰਦੜ, ਭੋਲਾ ਸਿੰਘ (ਸਾਰੇ ਸਾਬਕਾ ਸਰਪੰਚ), ਨਾਇਬ ਸਿੰਘ ਨੰਬਰਦਾਰ, ਹੈਪੀ ਸਿੰਘ ਆਦਿ ਮੋਹਤਵਰਾਂ ਤੋਂ ਇਲਾਵਾ ਵੱਡੀ ਗਿਣਤੀ ਔਰਤਾਂ, ਮਰਦ, ਨੌਜਵਾਨ ਸ਼ਾਮਲ ਸਨ।