ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 12 ਅਕਤੂਬਰ
ਸਰਪੰਚੀ ਨੂੰ ਲੈ ਕੇ ਪਿੰਡਾਂ ਵਿੱਚ ਮਾਹੌਲ ਪੂਰਾ ਭਖ਼ਿਆ ਹੋਇਆ ਹੈ। ਬਰਨਾਲਾ ਜ਼ਿਲ੍ਹੇ ਦੇ ਦੋ ‘ਆਪ’ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟ ਦੇ ਪਿੰਡਾਂ ਵਿੱਚ ਕੋਈ ਸਰਬਸੰਮਤੀ ਨਹੀਂ ਹੋਈ। ਤਿੰਨੇ ਪਿੰਡਾਂ ਵਿੱਚ ਕੁੰਢੀਆਂ ਦੇ ਸਿੰਗ ਫ਼ਸੇ ਹੋਏ ਹਨ। ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ ਦੀ ਸਰਪੰਚੀ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਵੱਕਾਰ ਦਾ ਸਵਾਲ ਬਣੀ ਹੋਈ ਹੈ। ਰਿਜ਼ਰਵ ਸਰਪੰਚੀ ਲਈ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿਚੋਂ ਇੱਕ ਉਮੀਦਵਾਰ ਜਤਿੰਦਰਪਾਲ ਸਿੰਘ ਨੂੰ ਵਿਧਾਇਕ ਪੰਡੋਰੀ ਦਾ ਥਾਪੜਾ ਹੈ। ਅੱਜ ਪਿੰਡ ਵਿੱਚ ਵਿਧਾਇਕ ਵੱਲੋਂ ਘਰ-ਘਰ ਜਾ ਕੇ ਉਕਤ ਉਮੀਦਵਾਰ ਲਈ ਵੋਟਾਂ ਵੀ ਮੰਗੀਆਂ ਗਈਆਂ ਜਦਕਿ ਦੂਜਾ ਉਮੀਦਵਾਰ ਅੰਮ੍ਰਿਤਪਾਲ ਸਿੰਘ ਕਾਂਗਰਸ ਪਾਰਟੀ ਨਾਲ ਸਬੰਧਤ ਹੈ, ਜਿਸ ਨੇ ਪੁਲੀਸ ਅਤੇ ਪ੍ਰਸ਼ਾਸਨ ਦੇ ਦਬਾਅ ਤੋਂ ਬਾਅਦ ਵੀ ਨਾਮਜ਼ਦਗੀ ਵਾਪਸ ਨਹੀਂ ਲਈ। ਪਿੰਡ ਦੇ 9 ਵਿੱਚੋਂ 3 ਵਾਰਡਾਂ ਉਪਰ ਹੀ ਪੰਚੀ ਦੀ ਸਰਬਸੰਮਤੀ ਹੋਈ ਹੈ। ਇਸੇ ਤਰ੍ਹਾਂ ਐੱਮਪੀ ਮੀਤ ਹੇਅਰ ਦੇ ਪਿੰਡ ਕੁਰੜ ’ਚ ਦੋਵੇਂ ਆਪ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਜਿਨ੍ਹਾਂ ਵਿੱਚੋਂ ਇੱਕ ਵਿਧਾਇਕ ਪੰਡੋਰੀ ਦਾ ਸਲਾਹਕਾਰ ਸੁਖਵਿੰਦਰ ਦਾਸ ਬਾਵਾ ਹੈ ਜਿਸ ਦੀ ‘ਆਪ’ ਦੇ ਹੀ ਵਰਕਰ ਹਰਪਾਲ ਸਿੰਘ ਨਾਲ ਟੱਕਰ ਹੈ। ਪਿੰਡ ਦੇ ਕੇਵਲ 2 ਵਾਰਡਾਂ ਵਿੱਚ ਹੀ ਪੰਚੀ ਦੀ ਸਰਬਸੰਮਤੀ ਹੋ ਸਕੀ ਹੈ। ਇਸੇ ਤਰ੍ਹਾਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਦੇ ਪਿੰਡ ਉਗੋਕੇ ਵਿੱਚ ਰਿਜ਼ਰਵ ਸਰਪੰਚੀ ਲਈ ਚਾਰ ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ ਸਾਬਕਾ ਸਰਪੰਚ ਪਰਗਟ ਸਿੰਘ, ਰਾਮ ਸਿੰਘ, ਅਜੈਬ ਸਿੰਘ ਅਤੇ ਬੰਸਾ ਰਾਮ ਦਰਮਿਆਨ ਟੱਕਰ ਹੈ ਜਦਕਿ ਇਸ ਪਿੰਡ ਦੇ 9 ਵਿੱਚੋਂ 6 ਵਾਰਡਾਂ ਵਿੱਚ ਪੰਚੀ ਦੀ ਸਰਬਸੰਮਤੀ ਹੋਈ ਹੈ।
ਕੁਰੜ ’ਚ ਸੰਸਦ ਮੈਂਬਰ ਦੇ ਚਚੇਰੇ ਭਰਾ ’ਤੇ ਸਰਬਸੰਮਤੀ ਮਗਰੋਂ ਰੌਲਾ
ਸੂਤਰ ਦੱਸਦੇ ਹਨ ਕਿ ਪਹਿਲਾਂ ਇਸ ਪਿੰਡ ਕੁਰੜ ਵਿੱਚ ਸੰਸਦ ਮੈਂਬਰ ਮੀਤ ਹੇਅਰ ਦੇ ਚਚੇਰੇ ਭਰਾ ਉਪਰ ਸਰਬਸੰਮਤੀ ਹੋ ਗਈ ਪ੍ਰੰਤੂ ਬਾਅਦ ਵਿੱਚ ਰੌਲਾ ਪੈਣ ਕਾਰਨ ਦੋ ਧਿਰਾਂ ਬਣ ਗਈਆਂ ਅਤੇ ਮੀਤ ਹੇਅਰ ਦਾ ਪਰਿਵਾਰ ਇਸ ਚੋਣ ਤੋਂ ਕਿਨਾਰਾ ਕਰ ਗਿਆ।