ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਜੀਟੀ ਰੋਡ ’ਤੇ ਅੰਬਾਲਾ ਕੈਂਟ ਦੇ ਕਾਲੀ ਪਲਟਣ ਪੁਲ ਨੇੜੇ ਲੰਘੀ ਰਾਤ ਦੋ ਵਜੇ ਦੇ ਕਰੀਬ ਦਲਵੀਰ ਸਿੰਘ ਵਾਸੀ ਹੰਡੇਸਰਾ (ਪੰਜਾਬ) ਨੂੰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਵੱਡੇ ਭਰਾ ਸੁਖਬੀਰ ਸਿੰਘ ਨੇ ਦੱਸਿਆ ਕਿ ਦਲਵੀਰ ਸਿੰਘ (34) ਰਾਤ ਟਰਾਲੀ ਵਿਚ ਝੋਨਾ ਲੱਦ ਕੇ ਅਨਾਜ ਮੰਡੀ ਮੌਹੜਾ (ਅੰਬਾਲਾ ਕੈਂਟ) ਲਈ ਚੱਲਿਆ ਸੀ। ਰਾਤ ਦੋ ਵਜੇ ਦੇ ਕਰੀਬ ਜਦੋਂ ਉਹ ਕਾਲੀ ਪਲਟਣ ਪੁਲ ਲਾਗੇ ਪਹੁੰਚਿਆ ਤਾਂ ਅਚਾਨਕ ਟਰਾਲੀ ਦੀ ਹੱਬ ਟੁੱਟ ਗਈ। ਦਲਵੀਰ ਜਦੋਂ ਸੜਕ ’ਤੇ ਚਿਤਾਵਨੀ ਲਈ ਰਿਫਲੈਕਟਰ ਲਾ ਰਿਹਾ ਸੀ ਤਾਂ ਚੰਡੀਗੜ੍ਹ ਵੱਲੋਂ ਆ ਰਹੀ ਕਾਰ ਦੇ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਹਾਲਤ ’ਚ ਉਸ ਨੂੰ ਅੰਬਾਲਾ ਕੈਂਟ ਸਿਵਲ ਹਸਪਤਾਲ ਤੋਂ ਜਵਾਬ ਮਿਲਣ ਮਗਰੋਂ ਪੀਜੀਆਈ ਚੰਡੀਗੜ੍ਹ ਲੈ ਗਏ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਅਣਪਛਾਤੇ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।