ਪੱਤਰ ਪ੍ਰੇਰਕ
ਸ੍ਰੀ ਕੀਰਤਪੁਰ ਸਾਹਿਬ, 13 ਅਕਤੂਬਰ
ਇੱਥੇ ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਐੱਚਪੀ ਪੈਟਰੋਲ ਪੰਪ ਨਜ਼ਦੀਕ ਘਰੇਲੂ ਗੈਸ ਪਾਈਪਲਾਈਨ ਵਿਛਾਉਣ ਲਈ ਜੇਸੀਬੀ ਮਸ਼ੀਨ ਰਾਹੀਂ ਕੀਤੀ ਜਾ ਰਹੀ ਖੁਦਾਈ ਦੌਰਾਨ ਅੱਜ ਢਿਗ ਡਿੱਗ ਗਈ। ਇਸ ਬਾਰੇ ਸ੍ਰੀ ਗੁਰੂ ਤੇਗ ਬਹਾਦਰ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਡਾ. ਪਲਵਿੰਦਰਜੀਤ ਸਿੰਘ ਨੇ ਦੱਸਿਆ ਇੱਥੇ ਅੱਜ ਬਾਅਦ ਦੁਪਹਿਰ ਦੋ ਮਰੀਜ਼ ਲਿਆਂਦੇ ਸਨ ਜਿਨ੍ਹਾਂ ’ਚੋਂ ਕਾਰਸ ਸੰਸਾਰੀ (50) ਦੀ ਮੌਤ ਹੋ ਗਈ ਜਦੋਂਕਿ ਸ਼ਿਵਮ (22) ਇਲਾਜ ਅਧੀਨ ਹੈ।
ਇਸ ਬਾਰੇ ਠੇਕੇਦਾਰ ਪਰਾਨੀਥਮ ਸ਼ਰਮਾ ਨੇ ਕਿਹਾ ਕਿ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ। ਬਾਅਦ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਲਤ ਠੀਕ ਨਹੀਂ ਹੈ ਤੇ ਉਹ ਫੋਨ ’ਤੇ ਗੱਲ ਨਹੀਂ ਕਰ ਸਕਦੇ।
ਇਸ ਬਾਰੇ ਥਾਣਾ ਕੀਰਤਪੁਰ ਸਾਹਿਬ ਦੇ ਐੱਸਐੱਚਓ ਇੰਸਪੈਕਟਰ ਜਤਿਨ ਕਪੂਰ ਨੇ ਕਿਹਾ ਕਿ ਇਸ ਘਟਨਾ ਬਾਰੇ ਆਨੰਦਪੁਰ ਸਾਹਿਬ ਦੇ ਹਸਪਤਾਲ ਤੋਂ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਮਿਲੀ।