ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 13 ਅਕਤੂਬਰ
ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਅਚਾਨਕ ਵਾਧੇ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤੀ ਕਰ ਦਿੱਤੀ ਹੈ। ਮੁਹਾਲੀ ਦੇ ਡੀਸੀ ਆਸ਼ਿਕਾ ਜੈਨ ਨੇ ਅੱਗ ਦੀਆਂ ਘਟਨਾਵਾਂ ਰੋਕਣ ਲਈ ਐਤਵਾਰ ਨੂੰ ਐੱਸਐੱਸਪੀ ਦੀਪਕ ਪਾਰਿਕ ਸਣੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਸੱਦੀ। ਉਨ੍ਹਾਂ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਹੁਣ ਤੋਂ ਡਿਊਟੀ ਵਿੱਚ ਲਾਪਰਵਾਹੀ ਕਰਨ ਵਾਲੇ ਨੋਡਲ ਅਫ਼ਸਰਾਂ ਅਤੇ ਸਬੰਧਤ ਐੱਸਐੱਚਓਜ਼/ਬੀਟ ਅਫ਼ਸਰ ਖ਼ਿਲਾਫ਼ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਦਾਲਤ ਵਿੱਚ ਕੇਸ ਦਾਇਰ ਕੀਤੇ ਜਾਣਗੇ।
ਡੀਸੀ ਨੇ ਕਿਹਾ ਕਿ ਸਬਸਿਡੀ ਵਾਲੀ ਪਰਾਲੀ ਪ੍ਰਬੰਧਨ ਮਸ਼ੀਨਰੀ ਦਾ ਵੱਡੀ ਗਿਣਤੀ ਵਿੱਚ ਪ੍ਰਬੰਧ ਹੋਣ ਦੇ ਬਾਵਜੂਦ ਪਰਾਲੀ ਸਾੜਨ ਦੀਆਂ ਘਟਨਾਵਾਂ ਬਰਦਾਸ਼ਤ ਕਰਨ ਯੋਗ ਨਹੀਂ ਹਨ। ਐਸਡੀਐਮਜ਼ ਨੂੰ ਕਿਸਾਨਾਂ ਤੱਕ ਮਸ਼ੀਨਾਂ ਦੀ ਪਹੁੰਚ ਵਧਾਉਣ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਾਰੇ ਨੋਡਲ ਅਫ਼ਸਰਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਡੀਸੀ ਨੇ ਐੱਸਐੱਸਪੀ ਨੂੰ ਫੀਲਡ ਪੁਲੀਸ ਅਫ਼ਸਰਾਂ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਖੇਤ ਮਾਲਕਾਂ ਦੇ ਵਿਰੋਧ ਨੂੰ ਰੋਕਣ ਅਤੇ ਅੱਗ ਬੁਝਾਉਣ ਲਈ ਫਾਇਰ ਟੈਂਡਰਾਂ ਨਾਲ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣ।
ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਡੀਸੀ ਨੂੰ ਫੀਲਡ ਪੁਲੀਸ ਅਫ਼ਸਰਾਂ ਦੀ ਸਰਗਰਮ ਭਾਗੀਦਾਰੀ ਦਾ ਭਰੋਸਾ ਦਿੰਦਿਆਂ ਕਿਹਾ ਕਿ ਐੱਸਐੱਚਓਜ਼ ਅਤੇ ਬੀਟ ਅਫ਼ਸਰਾਂ ਨੂੰ ਫੌਰੀ ਹਦਾਇਤ ਕੀਤੀ ਜਾਵੇਗੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੰਮ ਕਰਨ।