ਕਰਮਜੀਤ ਸਿੰਘ ਚਿੱਲਾ
ਬਨੂੜ, 14 ਅਕਤੂਬਰ
ਪੰਚਾਇਤੀ ਚੋਣਾਂ ਲਈ ਚੋਣ ਪ੍ਰਚਾਰ ਬੰਦ ਹੋਣ ਮਗਰੋਂ ਪੰਚੀ-ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰਾਂ ਨੇ ਅੱਜ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਸਮੁੱਚੇ ਉਮੀਦਵਾਰ ਵੋਟਰਾਂ ਅੱਗੇ ਹੱਥ ਜੋੜ ਕੇ ਇੱਕ ਵਾਰ ਮੌਕਾ ਦੇਣ ਦੀ ਅਪੀਲ ਕੀਤੀ। ਪਿੰਡਾਂ ਵਿੱਚ ਸ਼ਰਾਬ, ਕੋਲਡ ਡਰਿੰਕਸ, ਮਠਿਆਈਆਂ ਖੁੱਲ੍ਹੇਆਮ ਵੰਡੇ ਜਾ ਰਹੇ ਹਨ। ਇਸ ਖੇਤਰ ਦੇ ਜ਼ਿਆਦਾਤਰ ਪਿੰਡਾਂ ਵਿੱਚ ਸਿੱਧੇ ਅਤੇ ਕਈਂ ਪਿੰਡਾਂ ਵਿਚ ਤਿਕੋਣੇ ਮੁਕਾਬਲੇ ਹੋ ਰਹੇ ਹਨ। ਕਈਂ ਪਿੰਡਾਂ ਵਿੱਚ ਸਿਰਫ਼ ਸਰਪੰਚੀ ਲਈ ਹੀ ਪੋਲਿੰਗ ਹੋਵੇਗੀ, ਜਦੋਂਕਿ ਪੰਚਾਂ ਲਈ ਸਹਿਮਤੀ ਹੋ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤੀ ਚੋਣਾਂ ਵਿੱਚ ਰਾਜਨੀਤਕ ਦਖ਼ਲ ਨਾ ਦੇਣ ਅਤੇ ਪਿੰਡ ਵਾਸੀਆਂ ਵੱਲੋਂ ਪੰਚਾਇਤ ਚੁਣੇ ਜਾਣ ਦੇ ਐਲਾਨ ਦੇ ਬਾਵਜੂਦ ਸਥਾਨਿਕ ਵਿਧਾਇਕਾ ਨੀਨਾ ਮਿੱਤਲ ਕਈਂ ਪਿੰਡਾਂ ਵਿਚ ਆਪਣੇ ਸਮਰਥਕ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਦੇ ਰਹੇ। ਆਪਣੇ ਸਮਰਥਕਾਂ ਨੂੰ ਸਰਪੰਚ ਬਣਾਏ ਜਾਣ ਦੀ ਸੂਰਤ ਵਿੱਚ ਪਿੰਡ ਦੇ ਵਿਕਾਸ ਲਈ ਵੱਡੇ ਵਾਅਦੇ ਵੀ ਕੀਤੇ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਵੱਖ-ਵੱਖ ਪਿੰਡਾਂ ਵਿੱਚ ਆਪਣੇ ਸਮਰਥਕਾਂ ਦੇ ਹੱਕ ਵਿੱਚ ਪ੍ਰਚਾਰ ਕਰਦੇ ਰਹੇ। ਅਕਾਲੀ ਦਲ ਦੀ ਸਮੁੱਚੇ ਖੇਤਰ ਵਿਚ ਕੋਈ ਸਰਗਰਮੀ ਨਜ਼ਰ ਨਹੀਂ ਆਈ।
ਇਸੇ ਦੌਰਾਨ ਅੱਜ ਬਾਅਦ ਦੁਪਹਿਰ ਸਮੁੱਚੇ ਖੇਤਰ ਵਿੱਚ ਪੋਲਿੰਗ ਟੀਮਾਂ ਪਹੁੰਚ ਗਈਆਂ। ਪਿੰਡਾਂ ਵਿੱਚ ਉਮੀਦਵਾਰਾਂ ਵੱਲੋਂ ਆਪਣੇ ਪੋਲਿੰਗ ਬੂਥ ਲਗਾਉਣ ਲਈ ਟੈਂਟ ਵੀ ਲਗਾਏ ਜਾ ਰਹੇ ਹਨ। ਪੁਲੀਸ ਵੱਲੋਂ ਵੀ ਸਮੁੱਚੇ ਖੇਤਰ ਵਿਚ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਬਨੂੜ ਖੇਤਰ ਦੇ 43 ਪਿੰਡਾਂ ਵਿੱਚੋਂ ਤਿੰਨ ਪਿੰਡਾਂ ਉੜਦਣ, ਧਰਮਗੜ੍ਹ ਅਤੇ ਕਰਾਲਾ ਦੇ ਬੂਥਾਂ ਨੂੰ ਅਤਿ-ਸੰਵੇਦਨਸ਼ੀਲ, ਪੰਜ ਪਿੰਡਾਂ ਫ਼ਤਹਿਪੁਰ ਗੜ੍ਹੀ, ਹੁਲਕਾ, ਖੇੜਾ ਗੱਜੂ, ਜੰਗਪੁਰਾ ਅਤੇ ਕਰਾਲੀ ਨੂੰ ਸੰਵੇਨਦਸ਼ੀਲ ਐਲਾਨਿਆ ਗਿਆ ਹੈ। ਇਨ੍ਹਾਂ ਪਿੰਡਾਂ ਵਿੱਚ ਵਾਧੂ ਪੁਲੀਸ ਫੋਰਸ ਭੇਜੀ ਗਈ ਹੈ।
ਚਮਕੌਰ ਸਾਹਿਬ (ਸੰਜੀਵ ਬੱਬੀ): ਉਪ ਮੰਡਲ ਮੈਜਿਸਟ੍ਰੇਟ ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਜਵਾਹਰ ਨਵੋਦਿਆ ਵਿਦਿਆਲਾ ਸੰਧੂਆਂ ਤੋਂ ਪੰਚਾਇਤੀ ਚੋਣਾਂ ਲਈ ਬਲਾਕ ਚਮਕੌਰ ਸਾਹਿਬ ਦੇ ਪਿੰਡਾਂ ਲਈ 57 ਪੋਲਿੰਗ ਪਾਰਟੀਆਂ ਰਵਾਨਾ ਹੋ ਗਈਆਂ। ਮਾਸਟਰ ਟਰੇਨਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਬਲਾਕ ਵਿੱਚ ਪੰਜ ਡਬਲ ਬੂਥ ਅਤੇ 52 ਸਿੰਗਲ ਬੂਥ ਹਨ ਅਤੇ ਸਾਰੇ ਹੀ ਬੂਥਾਂ ਉੱਤੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਲਾਕ ਵਿੱਚ ਦਸ ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਹਨ। ਸੰਵੇਦਨਸ਼ੀਲ ਥਾਵਾਂ ’ਤੇ ਕੈਮਰੇ ਵੀ ਲਗਾਏ ਗਏ ਹਨ। ਡੀਸੀ ਹਿਮਾਂਸ਼ੂ ਜੈਨ ਨੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਚਾਇਤੀ ਚੋਣਾਂ ਦੌਰਾਨ ਵੋਟ ਪਾਉਣ ਦੀ ਅਪੀਲ ਕੀਤੀ।
ਪੰਚਾਇਤੀ ਚੋਣਾਂ ਸਬੰਧੀ ਪ੍ਰਬੰਧ ਮੁਕੰਮਲ: ਡੀਸੀ
ਮੋਰਿੰਡਾ (ਸੰਜੀਵ ਤੇਜਪਾਲ): ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਰੂਪਨਗਰ ਜ਼ਿਲ੍ਹੇ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜਿਸ ਲਈ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਮੁਹੱਈਆ ਕਰਵਾਉਣ ਉਪਰੰਤ ਸਬੰਧਤ ਪਿੰਡਾਂ ਲਈ ਪੂਰੀ ਪੁਲੀਸ ਸੁਰੱਖਿਆ ਦੇ ਕੇ ਰਵਾਨਾ ਕੀਤਾ ਜਾ ਰਿਹਾ ਹੈ।
ਡੀਸੀ ਨੇ ਇਹ ਦਾਅਵਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਖਾਲਸਾ ਸਕੂਲ ਵਿੱਚ ਮੋਰਿੰਡਾ ਬਲਾਕ ਦੀਆਂ 63 ਪੰਚਾਇਤਾਂ ਦੀਆਂ ਚੋਣਾਂ ਲਈ ਗਠਤ ਕੀਤੀਆਂ ਪੋਲਿੰਗ ਪਾਰਟੀਆਂ ਅਤੇ ਪੁਲੀਸ ਸੁਰੱਖਿਆ ਮੁਲਾਜ਼ਮਾਂ ਨੂੰ ਸੰਬੋਧਨ ਕਰਨ ਅਤੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਜੈਨ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੋਰਿੰਡਾ ਬਲਾਕ ਵਿੱਚ ਕੁਝ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਪਛਾਣ ਕਰ ਕੇ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣਗੇ। ਐੱਸਡੀਐੱਮ ਸੁਖਪਾਲ ਸਿੰਘ ਨੇ ਦੱਸਿਆ ਕਿ ਮੋਰਿੰਡਾ ਬਲਾਕ ਦੇ 49 ਪਿੰਡਾਂ ਦੀਆਂ ਪੰਚਾਇਤਾਂ ਲਈ ਹੋਣ ਵਾਲੀਆਂ ਚੋਣਾਂ ਲਈ 61 ਪੋਲਿੰਗ ਬੂਥ ਅਤੇ 75 ਪੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ ਜਦਕਿ 14 ਪਿੰਡਾਂ ਵਿੱਚ ਪਹਿਲਾਂ ਹੀ ਸਰਬਸੰਮਤੀ ਨਾਲ ਚੋਣ ਹੋ ਚੁੱਕੀ ਹੈ।