ਦਲਬੀਰ ਸੱਖੋਵਾਲੀਆ
ਬਟਾਲਾ, 14 ਅਕਤੂਬਰ
ਪੰਚਾਇਤੀ ਚੋਣਾਂ ਸਬੰਧੀ ਪੋਲਿੰਗ ਬੂਥ ਵੱਲ ਜਾ ਰਹੀ ਇੱਕ ਬੱਸ ਦੇਰ ਰਾਤ ਹਾਦਸਾਗ੍ਰਸਤ ਹੋਣ ਕਾਰਨ ਅੱਧੀ ਦਰਜਨ ਤੋਂ ਵੱਧ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ’ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਆਪਕ ਜਥੇਬੰਦੀਆਂ ਨੇ ਕਿਹਾ ਕਿ ਦਿਨ ਭਰ ਅਧਿਆਪਕਾਂ ਸਣੇ ਹੋਰ ਮੁਲਾਜ਼ਮਾਂ ਨੂੰ ਸਵੇਰ ਤੋਂ ਬੈਠਾ ਕੇ ਰੱਖਿਆ ਪਰ ਸ਼ਾਮ ਸੱਤ ਵਜੇ ਦੇ ਕਰੀਬ ਬੱਸਾਂ ਨੂੰ ਪੋਲਿੰਗ ਸਟੇਸ਼ਨਾਂ ਵੱਲ ਰਵਾਨਾ ਕੀਤਾ ਗਿਆ।
ਜ਼ੇਰੇ ਇਲਾਜ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸ਼ਾਹੀਆ ਦੇ ਮੁੱਖ ਅਧਿਆਪਕ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਕਰੀਬ ਸਾਢੇ ਸੱਤ ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਦੱਸਿਆ ਕਿ ਜਦੋਂ ਬੱਸ ਕਾਲਾ ਨੰਗਲ ਦੇ ਪੁਲ ਤੋਂ ਹੇਠਾਂ ਵੱਲ ਜਾ ਰਹੀ ਸੀ ਤਾਂ ਅੱਗੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਮੰਡੀਕਰਨ ਬੋਰਡ ਦੇ ਜੇਈ ਨਿਸ਼ਾਨ ਸਿੰਘ ਦੀ ਬਾਂਹ ਟੁੱਟ ਗਈ ਹੈ।
ਇਸੇ ਤਰ੍ਹਾਂ ਕੁਝ ਪੁਲੀਸ ਮੁਲਾਜ਼ਮ ਵੀ ਹਾਦਸੇ ’ਚ ਜ਼ਖ਼ਮੀ ਹੋਏ ਹਨ। ਹੋਰ ਜ਼ਖ਼ਮੀਆਂ ਵਿੱਚ ਅਧਿਆਪਕ ਦੀਪਕ ਤੇ ਰਾਜ ਕੁਮਾਰ ਸ਼ਾਮਲ ਹਨ। ਇਹ ਪੋਲਿੰਗ ਪਾਰਟੀ ਸਥਾਨਕ ਕਾਲਜ ਤੋਂ ਚੱਲੀ ਸੀ, ਜੋ ਬਟਾਲਾ-ਅੰਮ੍ਰਿਤਸਰ ਰੋਡ ’ਤੇ ਸਥਿਤ ਪਿੰਡ ਕਾਲਾ ਨੰਗਲ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ।