ਜਗਮੋਹਨ ਸਿੰਘ
ਘਨੌਲੀ, 15 ਅਕਤੂਬਰ
ਘਨੌਲੀ ਖੇਤਰ ਵਿੱਚ ਚੋਣਾਂ ਦਾ ਅਮਲ ਸ਼ਾਂਤੀ-ਪੂਰਵਕ ਨਿਬੜ ਗਿਆ। ਇਲਾਕੇ ਦੇ ਛੋਟੇ ਜਿਹੇ ਪਿੰਡ ਰਾਵਲ ਮਾਜਰਾ ਵਿਖੇ ਸਰਪੰਚੀ ਦੀ ਚੋਣ ਲੜ ਰਹੀਆਂ ਦੋਵੇਂ ਤਰ੍ਹਾਂ ਦੀਆਂ ਵੋਟਾਂ ਬਰਾਬਰ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਰਾਵਲਮਾਜਰਾ ਵਿਖੇ ਕੁੱਲ 110 ਵੋਟਾਂ ਪਈਆਂ ਜਿਸ ਵਿੱਚੋਂ ਦੋਵੇਂ ਧਿਰਾਂ ਨੂੰ 55- 55 ਬਰਾਬਰ ਵੋਟਾਂ ਪਈਆਂ। ਪ੍ਰੀਜ਼ਾਈਡਿੰਗ ਅਫ਼ਸਰ ਮਨਪ੍ਰੀਤ ਸਿੰਘ ਨੇ ਦੋਵੇਂ ਧਿਰਾਂ ਦੀ ਸਹਿਮਤੀ ਲੈਣ ਉਪਰੰਤ ਇੱਕ ਛੋਟੀ ਬੱਚੀ ਤੋਂ ਪਰਚੀ ਚੁਕਵਾਈ। ਇਸ ਦੌਰਾਨ ਮਨਜੀਤ ਕੌਰ ਨੂੰ ਜੇਤੂ ਕਰਾਰ ਦਿੱਤਾ ਗਿਆ।
ਬੈਲੇਟ ਪੇਪਰ ਗ਼ਲਤ ਛਪਣ ਕਾਰਨ ਪੋਲਿੰਗ ਦਾ ਕੰਮ ਰੁਕਿਆ
ਰੂਪਨਗਰ: ਇੱਥੋਂ ਨੇੜਲੇ ਪਿੰਡ ਖਵਾਸਪੁਰਾ ਵਿੱਚ ਉਸ ਵਕਤ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰਾਂ ਦੇ ਨਾਮ ਬੈਲੇਟ ਪੇਪਰ ਵਿੱਚ ਗ਼ਲਤ ਛਪੇ ਹੋਏ ਪਾਏ ਗਏ। ਇਸ ਸਬੰਧੀ ਮੌਕੇ ’ਤੇ ਇਕੱਤਰ ਲੋਕਾਂ ਨੇ ਰੌਲਾ-ਰੱਪਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਉਪਰੰਤ ਡੀਸੀ ਹਿਮਾਂਸ਼ੂ ਜੈਨ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਲੋਕਾਂ ਦੀ ਮੰਗ ਅਨੁਸਾਰ ਨਵੇਂ ਸਿਰਿਓਂ ਪੇਪਰ ਮੰਗਵਾ ਕੇ ਲਗਪਗ ਪੌਣੇ 12 ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਖਬਰ ਲਿਖੇ ਜਾਣ ਤੱਕ ਇਸ ਪਿੰਡ ਵਿੱਚ ਵੋਟਾਂ ਪਾਉਣ ਦਾ ਕੰਮ ਜਾਰੀ ਸੀ।