ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਕਤੂਬਰ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ 16 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰਨਾਂ ਕਈ ਵੀਵੀਆਈਪੀਜ਼ ਦੀ ਫੇਰੀ ਦੇ ਮੱਦੇਨਜ਼ਰ ਚੰਡੀਗੜ੍ਹ ਪੁਲੀਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਟਰੈਫਿਕ ਪੁਲੀਸ ਵੱਲੋਂ ਕਈ ਸੜਕਾਂ ਨੂੰ ਕੁਝ ਸਮੇਂ ਲਈ ਬੰਦ ਵੀ ਕੀਤਾ ਜਾਵੇਗਾ। ਪੁਲੀਸ ਬੁਲਾਰੇ ਨੇ ਕਿਹਾ ਕਿ ਦੱਖਣ ਮਾਰਗ ਤੋਂ ਏਅਰਪੋਰਟ ਲਾਈਟ ਪੁਆਇੰਟ ਅਤੇ ਟ੍ਰਿਬਿਊਨ ਚੌਕ ਤੱਕ, ਟ੍ਰਿਬਿਊਨ ਚੌਕ ਤੋਂ ਟਰਾਂਸਪੋਰਟ ਲਾਈਟ ਪੁਆਇੰਟ ਤੱਕ, ਟਰਾਂਸਪੋਰਟ ਲਾਈਟ ਪੁਆਇੰਟ ਤੋਂ ਢਿੱਲੋਂ ਬੈਰੀਅਰ ਤੱਕ ਸੜਕਾਂ ਨੂੰ ਸਵੇਰੇ 11.30 ਤੋਂ 12.30 ਵਜੇ ਤੱਕ ਅਤੇ ਬਾਅਦ ਦੁਪਹਿਰ 3 ਤੋਂ 4 ਵਜੇ ਤੱਕ ਬੰਦ ਕੀਤਾ ਜਾਵੇਗਾ। ਇਸ ਦੌਰਾਨ ਪੁਲੀਸ ਨੇ ਲੋਕਾਂ ਨੂੰ ਇਨ੍ਹਾਂ ਸੜਕਾਂ ਦੀ ਘੱਟ ਵਰਤੋਂ ਕਰਨ ਦੀ ਅਪੀਲ ਕੀਤੀ ਹੈ।