ਨਿੱਜੀ ਪੱਤਰ ਪ੍ਰੇਰਕ
ਖੰਨਾ, 15 ਅਕਤੂਬਰ
ਇਥੋਂ ਦੇ ਲਲਹੇੜੀ ਰੋਡ ਸਥਿਤ ਨੰਦੀ ਕਲੋਨੀ ਇਲਾਕੇ ਵਿਚ ਇਕ ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਸ ਇਲਾਕੇ ਦੇ ਬੱਚੇ ਘਰ ਦੇ ਬਾਹਰ ਖੇਡ ਰਹੇ ਸਨ ਤੇ ਇਸ ਦੌਰਾਨ ਪੰਜ ਸਾਲ ਦੀ ਬੱਚੀ ਨੇ ਆਪਣੇ ਸਾਲ ਦੇ ਭਰਾ ਨੂੰ ਆਪਣੀ ਗੋਦੀ ਵਿਚ ਲਿਆ ਅਤੇ ਬੱਚਿਆਂ ਨਾਲ ਖੇਡਣ ਲੱਗੀ। ਇਸ ਦੌਰਾਨ ਇਹ ਬੱਚਾ ਜ਼ਮੀਨ ’ਤੇ ਡਿੱਗ ਪਿਆ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੇ ਪਰਿਵਾਰਕ ਮੈਂਬਰ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਪੰਜ ਸਾਲਾ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ ਤੇ ਉਸ ਦੀ ਗੋਦੀ ਚੁੱਕਿਆ ਬੱਚਾ ਅਚਾਨਕ ਜ਼ਮੀਨ ’ਤੇ ਡਿੱਗ ਪਿਆ। ਇਸ ਦੌਰਾਨ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਉਸ ਦੀ ਮੌਤ ਹੋ ਚੁੱਕੀ ਸੀ। ਬੱਚੇ ਦੀ ਮੌਤ ਹੋਣ ਕਾਰਨ ਮੁਹੱਲੇ ਵਿਚ ਸੋਗ ਦੀ ਲਹਿਰ ਹੈ।