ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 16 ਅਕਤੂਬਰ
ਪੰਚਾਇਤੀ ਚੋਣਾਂ ’ਚ ਕਥਿਤ ਗੜਬੜ ਕਰਨ ਵਾਲੇ ਹੁੱਲੜਬਾਜ਼ਾਂ ਖ਼ਿਲਾਫ਼ ਜ਼ਿਲ੍ਹਾ ਬਠਿੰਡਾ ਦੀ ਪੁਲੀਸ ਨੇ ਵੱਖ-ਵੱਖ ਥਾਣਿਆਂ ’ਚ ਤਿੰਨ ਮੁਕੱਦਮੇ ਦਰਜ ਕੀਤੇ ਹਨ। ਇਨ੍ਹਾਂ ’ਚ ਥਾਣਾ ਸਦਰ ਬਠਿੰਡਾ ਅਤੇ ਥਾਣਾ ਨਥਾਣਾ ਵਿੱਜ ਨਾ-ਮਾਲੂਮ ਵਿਅਕਤੀਆਂ ਵਿਰੁੱਧ ਇੱਕ-ਇੱਕ ਮੁਕੱਦਮਾ ਅਤੇ ਇੱਕ ਮੁਕੱਦਮਾ ਥਾਣਾ ਦਿਆਲਪੁਰਾ ਵਿੱਚ 8 ਵਿਅਕਤੀਆਂ ’ਤੇ ਦਰਜ ਕੀਤਾ ਗਿਆ ਹੈ। ਐਸਐਸਪੀ ਬਠਿੰਡਾ ਮੈਡਮ ਅਮਨੀਤ ਕੌਂਡਲ ਮੁਤਾਬਿਕ ਬੀਤੇ ਕੱਲ੍ਹ ਪੰਚਾਇਤੀ ਚੋਣਾਂ ਮੌਕੇ ਪਿੰਡ ਭੋਡੀਪੁਰਾ (ਥਾਣਾ ਦਿਆਲਪੁਰਾ), ਪਿੰਡ ਨਰੂਆਣਾ (ਥਾਣਾ ਸਦਰ ਬਠਿੰਡਾ) ਅਤੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ (ਥਾਣਾ ਨਥਾਣਾ) ਵਿਖੇ ਵੋਟਾਂ ਦੀ ਗਿਣਤੀ ਮੌਕੇ ਸ਼ਰਾਰਤੀ ਅਨਸਰਾਂ ਵੱਲੋਂ ਪੁਲੀਸ ਅਤੇ ਚੋਣ ਅਮਲੇ ’ਤੇ ਹਮਲੇ ਕੀਤੇ ਗਏ, ਪਰ ਪੁਲੀਸ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਦੇ ਬਾਵਜੂਦ ਉਸ ਨੇ ਸਖ਼ਤੀ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਇਆ।