ਨਵੀਂ ਦਿੱਲੀ:
ਨਵੀਂ ਦਿੱਲੀ ਅਗਲੇ ਸਾਲ 13 ਤੋਂ 19 ਜਨਵਰੀ ਤੱਕ ਖੇਡੇ ਜਾਣ ਵਾਲੇ ਪਹਿਲਾ ਖੋ-ਖੋ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗੀ। ਟੂਰਨਾਮੈਂਟ ਦੇ ਪ੍ਰਬੰਧਕਾਂ ਅਨੁਸਾਰ ਇਸ ਟੂਰਨਾਮੈਂਟ ਰਾਹੀਂ ਭਾਰਤ ਦੀ ਖੇਡ ਨੂੰ ਆਲਮੀ ਪੱਧਰ ’ਤੇ ਪ੍ਰਦਰਸ਼ਿਤ ਕਰਨਾ ਦਾ ਮੌਕਾ ਮਿਲੇਗਾ। ਟੂਰਨਾਮੈਂਟ ਦੇ ਐਲਾਨ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਮਹਾਰਾਸ਼ਟਰ ਅਤੇ ‘ਰੈੱਸਟ ਆਫ ਇੰਡੀਆ’ ਦੀਆਂ ਟੀਮਾਂ ਵਿਚਾਲੇ ਪ੍ਰਦਰਸ਼ਨੀ ਮੈਚ ਖੇਡਿਆ ਗਿਆ, ਜਿਸ ਵਿੱਚ ਮਹਾਰਾਸ਼ਟਰ ਨੇ 26-24 ਨਾਲ ਜਿੱਤ ਹਾਸਲ ਕੀਤੀ। ਸਮਾਗਮ ਦੌਰਾਨ ਵਿਸ਼ਵ ਕੱਪ ਦਾ ਅਧਿਕਾਰਤ ਲੋਗੋ ਅਤੇ ਟੈਗਲਾਈਨ ਵੀ ਜਾਰੀ ਕੀਤੀ ਗਈ। ਟੂਰਨਾਮੈਂਟ ਵਿੱਚ 24 ਦੇਸ਼ ਹਿੱਸਾ ਲੈਣਗੇ। ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸੁਧਾਂਸ਼ੂ ਮਿੱਤਲ ਨੇ ਕਿਹਾ, ‘ਖੋ-ਖੋ ਸਾਡੇ ਦੇਸ਼ ਦੀ ਮਿੱਟੀ ਦੀ ਖੇਡ ਹੈ। ਇਸ ਨੂੰ ਕੌਮਾਂਤਰੀ ਖੇਡ ਬਣਾਉਣ ਲਈ ਸਖ਼ਤ ਮਿਹਨਤ ਕਰਨ ਵਾਸਤੇ ਫੈਡਰੇਸ਼ਨ ਦਾ ਧੰਨਵਾਦ।’ -ਪੀਟੀਆਈ