ਪੱਤਰ ਪ੍ਰੇਰਕ
ਸ਼ਾਹਕੋਟ, 16 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਇਕਾਈ 17 ਅਕਤੂਬਰ ਨੂੰ ਚੱਕ ਬਾਹਮਣੀਆਂ ਅਤੇ ਸੰਗੋਵਾਲ ਟੌਲ ਨੂੰ ਪਰਚੀ ਮੁਕਤ ਕਰੇਗੀ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ,ਸਕੱਤਰ ਗੁਰਚਰਨ ਸਿੰਘ ਚਾਹਲ, ਜਸਪਾਲ ਸਿੰਘ ਸੰਢਾਂਵਾਲ ਤੇ ਹਰਨੇਕ ਸਿੰਘ ਮਾਲੜੀ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਝੋਨਾ ਵੇਚਣ ਵਾਲੇ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ। ਇਸ ਕਾਰਨ ਉਨ੍ਹਾਂ ਦੀ ਯੂਨੀਅਨ 17 ਅਕਤੂਬਰ ਨੂੰ ਚੱਕ ਬਾਹਮਣੀਆਂ ਅਤੇ ਸੰਗੋਵਾਲ ਦੇ ਟੌਲ ਨੂੰ ਪਰਚੀ ਮੁਕਤ ਕਰੇਗੀ ਅਤੇ 18 ਅਕਤੂਬਰ ਨੂੰ ਭਾਜਪਾ ਦੇ ਮੁੱਖ ਆਗੂਆਂ ਅਤੇ ਆਪ ਦੇ ਸੰਸਦਾਂ,ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਪੱਕੇ ਮੋਰਚੇ ਸ਼ੁਰੂ ਕਰੇਗੀ।