ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਅਕਤੂਬਰ
ਪੰਜਾਬ ਪੁਲੀਸ ਨੇ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਤੋਂ ਅਤਿਵਾਦੀ ਬਣੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਦੌਰਾਨ ਅਜਿਹੇ ਸਬੂਤ ਮਿਲੇ ਹਨ, ਜੋ ਕਤਲ ਦੀ ਸਾਜ਼ਿਸ਼ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭੂਮਿਕਾ ਨੂੰ ਦਰਸਾਉਂਦੇ ਹਨ। ਜਾਂਚ ਦੌਰਾਨ ਦਰਜ ਕੀਤੇ ਗਏ ਕੁਝ ਬਿਆਨਾਂ ਅਨੁਸਾਰ ਇਹ ਕਤਲ ਅੰਮ੍ਰਿਤਪਾਲ ਸਿੰਘ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ। ਗੁਰਪ੍ਰੀਤ ਸਿੰਘ ਦਾ ਨੌਂ ਅਕਤੂਬਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਥੇ ਇਹ ਖੁਲਾਸਾ ਪ੍ਰੈਸ ਕਾਨਫਰੰਸ ਦੌਰਾਨ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਰਦਿਆਂ ਦੱਸਿਆ ਕਿ ਇਸ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਗਈ ਹੈ। ਇਸ ਮੌਕੇ ਆਈਜੀ ਡਾ. ਸੁਖਚੈਨ ਸਿੰਘ ਗਿੱਲ, ਡੀਆਈਜੀ ਫ਼ਰੀਦਕੋਟ ਰੇਂਜ ਅਸ਼ਵਨੀ ਕਪੂਰ ਅਤੇ ਐੱਸਐੱਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਸ ਕਾਂਡ ਵਿੱਚ ਬਿਲਾਲ ਅਹਿਮਦ ਉਰਫ਼ ਫ਼ੌਜੀ, ਗੁਰਮਰਦੀਪ ਸਿੰਘ ਉਰਫ਼ ਪੋਂਟੂ ਅਤੇ ਅਰਸ਼ਦੀਪ ਸਿੰਘ ਉਰਫ਼ ਝੰਡੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਕਤਲ ਦਾ ਮਾਸਟਰਮਾਈਂਡ ਵਿਦੇਸ਼ ਆਧਾਰਿਤ ਗੈਂਗਸਟਰ ਅਰਸ਼ ਡੱਲਾ ਤੇ ਹੋਰ ਵਿਅਕਤੀ ਹਨ। ਉਨ੍ਹਾਂ ਦੱਸਿਆ ਕਿ ਕਤਲ ਨੂੰ ਅੰਜਾਮ ਦੇਣ ਲਈ ਵਿਦੇਸ਼ ਆਧਾਰਿਤ ਵੱਖ-ਵੱਖ ਸੰਚਾਲਕਾਂ ਦੇ ਵੱਖੋ-ਵੱਖਰੇ ਮਾਡਿਊਲਾਂ ਦੀ ਵਰਤੋਂ ਕੀਤੀ ਗਈ ਸੀ। ਅਪਰਾਧੀਆਂ ਵੱਲੋਂ ਸਾਜ਼ਿਸ਼ ਨੂੰ ਛੁਪਾਉਣ ਲਈ ਵੱਖੋ-ਵੱਖਰੇ ਮਾਡਿਊਲਾਂ ਨੂੰ ਵੱਖ-ਵੱਖ ਕੰਮ ਸੌਂਪੇ ਗਏ ਸਨ। ਗ੍ਰਿਫ਼ਤਾਰ ਕੀਤੇ ਤਿੰਨੋਂ ਵਿਅਕਤੀ ਰੇਕੀ ਕਰਨ ਵਾਲੇ ਮਾਡਿਊਲ ਦਾ ਹਿੱਸਾ ਸਨ, ਜਿਸ ਦਾ ਸੰਚਾਲਨ ਕੈਨੇਡਾ ਆਧਾਰਿਤ ਕਰਮਵੀਰ ਸਿੰਘ ਉਰਫ਼ ਗੋਰਾ ਵੱਲੋਂ ਕੀਤਾ ਜਾ ਰਿਹਾ ਸੀ। ਪੁਲੀਸ ਟੀਮਾਂ ਉਨ੍ਹਾਂ ਨੂੰ ਫੜਨ ਲਈ ਛਾਪੇ ਮਾਰ ਰਹੀਆਂ ਹਨ।
ਘਟਨਾ ਸਥਾਨ ਦੀ ਸੀਸੀਟੀਵੀ ਫੁਟੇਜ ਘੋਖੀ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਅਪਰਾਧਿਕ ਭੂਮਿਕਾ ਉਪਲਬਧ ਸਬੂਤਾਂ ਦੇ ਆਧਾਰ ’ਤੇ ਨਿਰਧਾਰਿਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਾਰਦਾਤ ਵਾਲੀ ਥਾਂ ’ਤੇ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਗਈ। ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਲਈ ਵਿਦੇਸ਼ਾਂ ਵਿੱਚ ਰਹਿੰਦੇ ਵਿਅਕਤੀਆਂ ਨਾਲ ਸੰਪਰਕ ਸਥਾਪਤ ਕੀਤਾ ਗਿਆ। ਇਸ ਸਬੰਧੀ 10 ਅਕਤੂਬਰ ਨੂੰ ਥਾਣਾ ਕੋਟਕਪੂਰਾ ਵਿੱਚ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਹੈ।