ਪੱਤਰ ਪ੍ਰੇਰਕ
ਜਲੰਧਰ, 18 ਅਕਤੂਬਰ
ਸੂਫੀ ਗਾਇਕ ਬੰਟੀ ਕਵਾਲ ਦੇ ਪੁੱਤਰ ਦੀ ਇਲਾਜ ਦੌਰਾਨ ਮੌਤ ਹੋ ਗਈ। ਬਸਤੀ ਪੀਰ ਦਾਦ ਦੇ ਰਹਿਣ ਵਾਲੇ 15 ਸਾਲਾ ਇਵਾਨ ਬੁੱਧਵਾਰ ਨੂੰ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਵਾਨ 10ਵੀਂ ਜਮਾਤ ਦਾ ਵਿਦਿਆਰਥੀ ਸੀ। ਬੁੱਧਵਾਰ ਨੂੰ ਉਹ ਕੁਝ ਸਾਮਾਨ ਖ਼ਰੀਦਣ ਲਈ ਐਕਟਿਵਾ ’ਤੇ ਬਾਜ਼ਾਰ ਗਿਆ ਸੀ ਜਿੱਥੇ ਰਸਤੇ ਵਿੱਚ ਅਚਾਨਕ ਇੱਕ ਕੁੱਤਾ ਆ ਗਿਆ ਅਤੇ ਉਸ ਦੀ ਐਕਟਿਵਾ ਬੇਕਾਬੂ ਹੋ ਗਈ। ਉਹ ਨੇੜੇ ਤੋਂ ਲੰਘ ਰਹੇ ਇੱਕ ਈ-ਰਿਕਸ਼ਾ ਨਾਲ ਟਕਰਾ ਗਿਆ। ਹਾਦਸੇ ’ਚ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ ਜਿੱਥੇ ਉਸ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਥਾਣਾ ਬਸਤੀ ਬਾਵਾ ਖੇਲ ਦੀ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਸਨ। ਪੁਲੀਸ ਨੇ ਲਾਸ ਪੋਸਟਮਾਰਟਮ ਲਈ ਭੇਜ ਦਿੱਤੀ ਹੈ।