ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀ ਜ਼ਿੰਦਗੀ ਕਾਫ਼ੀ ਉਤਰਾਅ-ਚੜ੍ਹਾਅ ਭਰਪੂਰ ਰਹੀ ਹੈ। ਉਸ ਦੇ ਸੰਘਰਸ਼ ਦੀ ਕਹਾਣੀ ਬਹੁਤ ਜਲਦੀ ਫਿਲਮੀ ਪਰਦੇ ’ਤੇ ਨਜ਼ਰ ਆਉਣ ਵਾਲੀ ਹੈ। ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਇਸ ਨੂੰ ਪੇਸ਼ ਕਰਨਗੇ ਜਿਸ ਦਾ ਨਿਰਮਾਣ ਵਿਨੈ ਭਾਰਦਵਾਜ ਕਰਨਗੇ।
ਮੋਨਾ
ਲੋਕ ਸਿਰਫ਼ ਗੱਲਾਂ ਕਰਨੀਆਂ ਜਾਣਦੇ ਹਨ, ਕਿਸ ਨੇ ਕਿੰਨਾ ਸਹਿਣ ਕੀਤਾ ਹੈ, ਇਹ ਨਹੀਂ ਜਾਣਦੇ… ਅਜਿਹਾ ਹੀ ਮਸ਼ਹੂਰ ਹਰਿਆਣਵੀ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਨਾਲ ਹੋਇਆ ਹੈ। ਉਸ ਦਾ ਜੀਵਨ ਸੰਘਰਸ਼ ਤੇ ਜੱਦੋਜਹਿਦ ਦੀ ਗਾਥਾ ਹੈ। ਮੰਚ ’ਤੇ ਬੀਤੇ ਉਸ ਦੇ 16 ਸਾਲ ਹੁਣ ‘ਬਾਇਓਪਿਕ’ (ਫਿਲਮ) ਦਾ ਰੂਪ ਲੈ ਰਹੇ ਹਨ ਅਤੇ ਉਹ ਹੱਦੋਂ ਵੱਧ ਖ਼ੁਸ਼ ਹੈ। ਖ਼ੁਸ਼ੀ ’ਚ ਖੀਵੀ ਹੋਈ ਸਪਨਾ ਨੇ ਦੱਸਿਆ,‘‘ ਜਦੋਂ ਮੈਂ ਵੱਡੀ ਹੋ ਬਹੀ ਸੀ ਉਦੋਂ ਮੈਂ ਇੱਕ ਗੁੱਸੇਖੋਰ ਲੜਕੀ ਸੀ। ਜਦ ਵੀ ਕੋਈ ਮੈਨੂੰ ਪਰਖ਼ਦਾ ਤਾਂ ਮੈਂ ਹਮੇਸ਼ਾ ਉਸ ਨੂੰ ਕਹਿੰਦੀ, ‘ਇੱਕ ਦਿਨ ਮੇਰੇ ਉਤੇ ਫਿਲਮ ਬਣੇਗੀ’। ਆਖਰ ਉਹ ਦਿਨ ਆ ਹੀ ਗਿਆ।’’
ਇਹ ਫਿਲਮ ਸਪਨਾ ਦੇ ਜੀਵਨ ਸੰਘਰਸ਼, ਉਸ ਦੇ ਸੁਪਨਿਆਂ ਅਤੇ ਉਸ ਦੇ ਅਡੋਲ ਸਾਹਸ ਦੀ ਦਿਲਚਸਪ ਕਹਾਣੀ ’ਤੇ ਕੇਂਦਰਿਤ ਹੋਵੇਗੀ। ਇਹ ਉਸ ਔਰਤ ਦੀ ਕਹਾਣੀ ਹੈ ਜਿਸ ਨੇ ਹਰ ਚੁਣੌਤੀ ਦਾ ਸਾਹਮਣਾ ਕੀਤਾ। ਇਸ ਫਿਲਮ ਦਾ ਨਾਂ ‘ਮੈਡਮ ਸਪਨਾ’ ਹੈ। ਉਹ ਦੱਸਦੀ ਹੈ, ‘ਛੋਟੀ ਉਮਰ ’ਚ ਹੀ ਮੈਂ ਆਪਣੇ ਪਿਤਾ ਨੂੰ ਬਿਮਾਰ ਹੁੰਦਿਆਂ ਤੇ ਪਰਿਵਾਰ ਨੂੰ ਵਿੱਤੀ ਪੱਖ ਤੋਂ ਸੰਘਰਸ਼ ਕਰਦਿਆਂ ਦੇਖਿਆ ਸੀ, ਇਸ ਲਈ ਮੈਨੂੰ ਕੁਝ ਨਾ ਕੁਝ ਕਰਨਾ ਪੈਣਾ ਸੀ।’’ ਆਪਣੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਪਾਉਣ ਲਈ ਉਹ ਸਲਵਾਰ ਸੂਟ ਵਿੱਚ ਹੀ ਡਾਂਸ ਦੇ ਆਪਣੇ ਸ਼ੌਕ ਨੂੰ ਅੱਗੇ ਵਧਾਉਂਦਿਆਂ, ਮੰਚ ਉਤੇ ਆ ਗਈ, ਅਤੇ ਅੱਜ ਵੀ ਉਹ ਇਸੇ ਤਰ੍ਹਾਂ ਪੇਸ਼ਕਾਰੀ ਦਿੰਦੀ ਹੈ। ਉਹ ਇਸ ਗੱਲੋਂ ਦੁਖੀ ਹੁੰਦੀ ਹੈ ਕਿ ਉਹੀ ਲੋਕ ਜਿਹੜੇ ਉਸ ਦੇ ਪ੍ਰੋਗਰਾਮਾਂ ਦਾ ਤਿੰਨ ਘੰਟਿਆਂ ਤੱਕ ਮਜ਼ਾ ਲੈਂਦੇ ਹਨ, ਉਹੀ ਘਰ ਜਾ ਕੇ ਉਸ ਨੂੰ ਮੰਦਾ ਬੋਲਦੇ ਹਨ। ਸੰਨ 2016 ਵਿੱਚ ਚੀਜ਼ਾਂ ਉਸ ਵੇਲੇ ਬਦਲ ਗਈਆਂ ਜਦ ਉਸ ਨੂੰ ਪਹਿਲੀ ਵਾਰ ਸਟੇਜ ਉਤੇ ‘ਮੈਡਮ ਸਪਨਾ’ ਕਹਿ ਕੇ ਸੱਦਿਆ ਗਿਆ। ‘‘ਇਹ ਇਸ ਤਰ੍ਹਾਂ ਸੀ ਜਿਵੇਂ ਮੇਰੇ ਸਾਰੇ ਸੰਘਰਸ਼ਾਂ ਦਾ ਮੁੱਲ ਪੈ ਗਿਆ ਹੋਵੇ। ਮੈਂ ਇਸੇ ਸਤਿਕਾਰ ਦੀ ਭਾਲ ਵਿੱਚ ਸੀ। ‘ਮੈਡਮ ਸਪਨਾ’ ਮੇਰੀ ਕਹਾਣੀ ਲਈ ਬਿਲਕੁਲ ਦਰੁਸਤ ਟਾਈਟਲ ਹੈ।’’
ਇਹ ਪੁੱਛਣ ’ਤੇ ਕਿ ਕੀ ਉਸ ’ਤੇ ਬਾਇਓਪਿਕ ਜਲਦੀ ਨਹੀਂ ਬਣ ਰਹੀ? ਸਪਨਾ ਕਹਿੰਦੀ ਹੈ, ‘‘ਹਾਂ ਹਾਲੇ ਬਹੁਤ ਜ਼ਿੰਦਗੀ ਬਾਕੀ ਹੈ, ਬਹੁਤ ਡਰਾਮਾ ਬਾਕੀ ਹੈ, ਪਰ ਪਿਛਲੇ 15-16 ਵਰ੍ਹੇ ਮੇਰੇ ਲਈ ਤਿੰਨ-ਚਾਰ ਜਨਮਾਂ ਵਰਗੇ ਰਹੇ ਹਨ। ਮੇਰੀ ਜ਼ਿੰਦਗੀ ’ਚ ਨਿਰੰਤਰ ਉਤਰਾਅ-ਚੜ੍ਹਾਅ ਰਹੇ। ਹਰ ਚੜ੍ਹਦਾ ਮਹੀਨਾ ਮੇਰੇ ਲਈ ਇੱਕ ਨਵੀਂ ਚੁਣੌਤੀ ਵਾਂਗ ਹੁੰਦਾ ਹੈ।’’
‘ਤੇਰੀ ਆਖਿਆਂ ਕਾ ਯੋ ਕਾਜਲ’ ਤੇ ‘ਸੌਲਿਡ ਬੌਡੀ ਰੇ’ ਜਿਹੇ ਕਈ ਗੀਤਾਂ ਨੂੰ ਹਰਮਨਪਿਆਰਾ ਬਣਾਉਣ ਵਾਲੀ ਹਰਿਆਣਵੀ ਕੁੜੀ ਆਪਣੀ ਸਫਲਤਾ ’ਤੇ ਮਾਣ ਕਰਦੀ ਹੈ, ਖ਼ਾਸ ਤੌਰ ’ਤੇ ਜਿਸ ਤਰ੍ਹਾਂ ਦੇ ਸਮਾਜਿਕ ਪਿਛੋਕੜ ’ਚੋਂ ਉਹ ਨਿਕਲ ਕੇ ਅੱਗੇ ਆਈ ਹੈ। ‘‘ਜਦ ਮੇਰੀ ਸ਼ੁਰੂਆਤ ਹੋਈ ਸੀ, ਉਦੋਂ ਕੁੜੀਆਂ ਆਪਣੀ ਮਰਜ਼ੀ ਦੇ ਕੱਪੜੇ ਤੱਕ ਨਹੀਂ ਪਾ ਸਕਦੀਆਂ ਸਨ। ‘ਸਲੀਵਲੈੱਸ’ ਕੁੜਤਾ ਪਾਉਣਾ ਜਾਂ ਵਾਲ ਖੁੱਲ੍ਹੇ ਛੱਡਣ ’ਤੇ ਵੀ ਨਿੰਦਿਆ ਜਾਂਦਾ ਸੀ। ਡਾਂਸ ਵਿੱਚ ਕਰੀਅਰ ਬਣਾਉਣ ਦੀ ਤਾਂ ਕਲਪਨਾ ਕਰਨੀ ਵੀ ਔਖੀ ਸੀ।’’
ਸਪਨਾ ਦਾ ਨਾਂ ਵਿਵਾਦਾਂ ਵਿੱਚ ਘੜੀਸਿਆ ਜਾਂਦਾ ਰਿਹਾ ਹੈ। ਇੱਕ ਵਿਵਾਦ ਤਾਂ ਉਸ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਵੱਲ ਲੈ ਤੁਰਿਆ। ‘‘ਜ਼ਿੰਦਗੀ ’ਚ ਹਰ ਦਿਨ ਸੰਘਰਸ਼ ਕਰਨਾ ਪਿਆ, ਪਰ ਮੈਂ ਹੁਣ ਮੋੜਾਂ-ਘੇੜਾਂ ਦੀ ਐਨੀ ਆਦੀ ਹੋ ਚੁੱਕੀ ਹਾਂ ਕਿ ਜੇ ਇੱਕ ਦਿਨ ਸਭ ਕੁਝ ਪੱਧਰਾ ਜਿਹਾ ਹੋ ਗਿਆ ਤਾਂ ਸ਼ਾਇਦ ਮੈਂ ਇਸ ਨੂੰ ਪਸੰਦ ਨਹੀਂ ਕਰਾਂਗੀ! ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਸੰਦ ਹੈ। ਮੈਂ, ਅਸਲ ’ਚ ਚੁਣੌਤੀਆਂ ਨੂੰ ਸੱਦਾ ਦਿੰਦੀ ਹਾਂ। ਜ਼ਿੰਦਗੀ ਨੇ ਮੈਨੂੰ ਕਿਸੇ ਵੀ ਚੀਜ਼ ਦਾ ਸਾਹਮਣਾ ਕਰਨ ਦੇ ਸਮਰੱਥ ਬਣਾ ਦਿੱਤਾ ਹੈ, ਇਸ ਲਈ ਮੈਂ ਕਹਿੰਦੀ ਹਾਂ ਕਿ ਆਉਣ ਦਿਓ, ਕੋਈ ਗੱਲ ਨਹੀਂ।’’
ਜੇ ਸਪਨਾ ਹਰਿਆਣਵੀ ਲੋਕ ਸੰਗੀਤ ਨੂੰ ਆਲਮੀ ਪੱਧਰ ਤੱਕ ਪਹੁੰਚਾਉਣ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦੀ ਹੈ ਤਾਂ ਉਸ ਦਾ ਪਤੀ ਵੀਰ ਸਾਹੂ, ਜੋ ਕਿ ਖ਼ੁਦ ਇੱਕ ਕਲਾਕਾਰ ਹੈ, ਉਸ ਨਾਲੋਂ ਵੀ 100 ਗੁਣਾ ਵੱਧ ਮਾਣ ਮਹਿਸੂਸ ਕਰਦਾ ਹੈ। ਉਹ ਕਹਿੰਦਾ ਹੈ, ‘‘ਜਦ ਵੀ ਹੇਠਲੇ ਮੱਧਵਰਗੀ ਪਰਿਵਾਰ ਦੀ ਇੱਕ ਕੁੜੀ ਅੱਗੇ ਵਧਦੀ ਹੈ, ਲੋਕ ਬਦਨਾਮੀ ਕਰਨੀ ਸ਼ੁਰੂ ਕਰ ਦਿੰਦੇ ਹਨ। ਪਰ ਉਹ ਇਹ ਕਿਵੇਂ ਭੁੱਲ ਸਕਦੇ ਹਨ ਕਿ ਸਪਨਾ ਕੋਲ ਤਾਂ ਇੱਕ ਛੋਟੀ ਜਿਹੀ ਖੇਤਰੀ ਭਾਸ਼ਾ ਹੀ ਸੀ, ਪਰ ਇਸ ਦੀ ਰਾਗਨੀ ਨੂੰ ਕੌਮਾਂਤਰੀ ਪ੍ਰਸਿੱਧੀ ਮਿਲੀ ਹੈ।’’
ਸਾਹੂ ਕਹਿੰਦਾ ਹੈ, ‘‘ਲੋਕ ਕਹਿੰਦੇ ਹਨ ‘ਉਹ ਨੱਚਦੀ ਹੈ’, ਜੇ ਮੈਂ ਕੁਝ ਕਹਿੰਦਾ ਹਾਂ ਤਾਂ ਉਹ ਸੋਚਦੇ ਹਨ ਕਿ ਮੈਂ ਇਸ ਲਈ ਉਸ ਦਾ ਪੱਖ ਪੂਰ ਰਿਹਾ ਹਾਂ ਕਿਉਂਕਿ ਉਹ ਮੇਰੀ ਪਤਨੀ ਹੈ। ਹਾਂ ਇੱਕ ਪਤੀ ਵਜੋਂ ਉਸ ਦੇ ਪੱਖ ਵਿੱਚ ਖੜ੍ਹਨਾ ਮੇਰਾ ਧਰਮ ਹੈ। ਪਰ ਇੱਕ ਵਾਰ ਉਸ ਦੀ ਬਾਇਓਪਿਕ ਦਾ ਮੁੱਖ ਗੀਤ ਰਿਲੀਜ਼ ਹੋਣ ਦਿਓ… ਇਹ ਉਸ ਦੇ ਸਾਰੇ ਆਲੋਚਕਾਂ ਨੂੰ ਚੁੱਪ ਕਰਵਾ ਦੇਵੇਗਾ।’’
ਸਾਹੂ ਦੱਸਦਾ ਹੈ, ‘‘ਇੱਕ ਵੱਡੇ ਫਿਲਮ ਨਿਰਮਾਣ ਅਦਾਰੇ ਵੱਲੋਂ ਅਜਿਹੀ ਲੜਕੀ ’ਤੇ ਫਿਲਮ ਬਣਾਉਣਾ ਆਪਣੇ ਆਪ ’ਚ ਹੀ ਵੱਡੀ ਪ੍ਰਾਪਤੀ ਹੈ ਜਿਹੜੀ ਬਹੁਤ ਛੋਟੇ ਜਿਹੇ ਥਾਂ ਤੋਂ ਉੱਠੀ ਹੈ।’’ ਫਿਲਮ ਨੂੰ ਮਹੇਸ਼ ਭੱਟ ਪੇਸ਼ ਕਰਨਗੇ ਤੇ ਇਸ ਦਾ ਨਿਰਮਾਣ ਵਿਨੈ ਭਾਰਦਵਾਜ ਵੱਲੋਂ ਕੀਤਾ ਜਾਵੇਗਾ। ਸ਼ਾਈਨਿੰਗ ਸਨ ਸਟੂਡੀਓਜ਼ ਵੱਲੋਂ ਬਣਾਈ ਜਾਣ ਵਾਲੀ ਇਸ ਫਿਲਮ ਦੇ 2025 ਵਿੱਚ ਰਿਲੀਜ਼ ਹੋਣ ਦੀ ਸੰਭਾਵਨਾ ਹੈ।
ਹਾਲ ਹੀ ’ਚ ਛੂਹੀਆਂ ਬੁਲੰਦੀਆਂ ਬਾਰੇ ਗੱਲ ਕਰਦਿਆਂ ਸਪਨਾ ਉਤਸ਼ਾਹਿਤ ਹੋ ਕੇ ‘ਕਾਨ’ ਫਿਲਮ ਫੈਸਟੀਵਲ ਤੇ ਮਾਂ ਬਣਨ ਦਾ ਜ਼ਿਕਰ ਕਰਦੀ ਹੈ। ਏਅਰ ਫਰਾਂਸ ਦੇ ਸੱਦੇ ਉਤੇ ਕਾਨ ਫੇਰੀ, ਉਸ ਦਾ ਪਹਿਲਾ ਵਿਦੇਸ਼ੀ ਦੌਰਾ ਸੀ। ‘‘ਮੈਂ ਐਨੀ ਡਰੀ ਹੋਈ ਸੀ ਕਿ ਮੈਂ ਗੁਆਚ ਜਾਵਾਂਗੀ। ਮੈਨੂੰ ਫਰੈਂਚ ਨਹੀਂ ਆਉਂਦੀ ਤੇ ਮੇਰੀ ਅੰਗਰੇਜ਼ੀ ਵੀ ਵਧੀਆ ਨਹੀਂ ਹੈ। ਵੀਜ਼ਾ ਅਥਾਰਿਟੀ ਤੋਂ ਸਿਰਫ਼ ਮੈਨੂੰ ਤੇ ਮੇਰੇ ਮੇਕਅਪ ਆਰਟਿਸਟ ਨੂੰ ਹੀ ਫਰਾਂਸ ਜਾਣ ਦੀ ਇਜਾਜ਼ਤ ਮਿਲੀ ਸੀ, ਪਰ ਮੇਰਾ ਸਮਾਂ ਉੱਥੇ ਬਹੁਤ ਵਧੀਆ ਗੁਜ਼ਰਿਆ।’’
‘‘ਸਪਨਾ ਚੌਧਰੀ ਇੱਕ ਅਜਿਹਾ ਵਰਤਾਰਾ ਹੈ ਜੋ ਆਮ ਲੋਕਾਂ ਦੀ ਆਵਾਜ਼ ਦੀ ਪ੍ਰਤੀਨਿਧਤਾ ਕਰਦਾ ਹੈ। ਸਪਨਾ ਦੀ ਕਹਾਣੀ ਨਿੱਜੀ ਸਫਲਤਾ ਦੀ ਕਹਾਣੀ ਤੋਂ ਵੱਧ ਹੈ। ਇਹ ਸਮਾਜ ਦੀ ਬਦਲਦੀ ਗਤੀਸ਼ੀਲਤਾ ਨੂੰ ਵੀ ਦਰਸਾਉਂਦਾ ਹੈ। ਇਹ ਸੁਪਨੇ ਦੇਖਣ ਦੀ ਹਿੰਮਤ ਕਰਨ ਵਾਲੀਆਂ ਔਰਤਾਂ ਦੀ ਦਿੜ੍ਹਤਾ, ਤਕੜਾਈ ਤੇ ਚੁਣੌਤੀਆਂ ਅੱਗੇ ਖੜ੍ਹਨ ਦੀ ਮਿਸਾਲ ਹੈ। ਇਹ ਫਿਲਮ ਸਿਰਫ਼ ਉਸ ਦੇ ਮਸ਼ਹੂਰ ਹੋਣ ਬਾਰੇ ਨਹੀਂ ਹੈ, ਬਲਕਿ ਉਸ ਦੇ ਹੌਸਲੇ ਦਾ ਜਸ਼ਨ ਹੈ।’’
– ਮਹੇਸ਼ ਭੱਟ
‘‘ਸਪਨਾ ਚੌਧਰੀ ਨੇ ਆਪਣੇ ਸੁਪਨਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਰੁਕਾਵਟਾਂ ਨੂੰ ਪਾਰ ਕੀਤਾ ਹੈ। ਇਹ ਕਹਾਣੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਜੋ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰੇਗੀ।
– ਵਿਨੈ ਭਾਰਦਵਾਜ