ਜੰਮੂ, 19 ਅਕਤੂਬਰ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਧਾਨ ਸਭਾ ਚੋਣਾਂ ਦੌਰਾਨ ਪਈਆਂ ਵੋਟਾਂ ਅਨੁਸਾਰ ਕੰਮ ਨਹੀਂ ਕਰੇਗੀ ਬਲਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਦੋਵੇਂ ਡਿਵੀਜ਼ਨਾਂ ਦੇ ਲੋਕਾਂ ਦੇ ਚਿਹਰਿਆਂ ਤੋਂ ਗੁਆਚੀ ਮੁਸਕਾਨ ਵਾਪਸ ਦੇਖਣਾ ਚਾਹੁੰਦੇ ਹਨ। ਸਰਦ ਰੁੱਤ ਦੀ ਰਾਜਧਾਨੀ ਜੰਮੂ ’ਚ ਨੈਸ਼ਨਲ ਕਾਨਫਰੰਸ ਦੇ ਹੈੱਡਕੁਆਰਟਰ ਪਹੁੰਚਣ ’ਤੇ ਅਬਦੁੱਲ੍ਹਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਬਣਨ ਮਗਰੋਂ ਉਮਰ ਅਬਦੁੱਲ੍ਹਾ ਦੀ ਜੰਮੂ ਦੀ ਇਹ ਪਹਿਲੀ ਫੇਰੀ ਹੈ।
ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘ਜਦੋਂ ਚੋਣ ਨਤੀਜੇ ਆਏ ਤਾਂ ਕੁਝ ਲੋਕ ਅਫਵਾਹਾਂ ਫੈਲਾਉਣ ਲੱਗੇ ਕਿ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਦੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ ਕਾਰਨ ਜੰਮੂ ਨੂੰ ਸਜ਼ਾ ਦਿੱਤੀ ਜਾਵੇਗੀ। ਪਰ ਅੱਜ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸਾਡੀ ਸਰਕਾਰ ਸਾਰਿਆਂ ਲਈ ਹੈ ਫਿਰ ਭਾਵੇਂ ਕਿਸੇ ਨੇ ਸਾਨੂੰ ਵੋਟ ਪਾਈ ਹੋਵੇ ਜਾਂ ਨਾ।’ ਉਨ੍ਹਾਂ ਕਿਹਾ ਕਿ ਐੱਨਸੀ ਮੁਫਤੀ ਮੁਹੰਮਦ ਸਈਦ, ਗੁਲਾਮ ਨਬੀ ਆਜ਼ਾਦ ਤੇ ਉਨ੍ਹਾਂ ਦੀ ਅਗਵਾਈ ਹੇਠਲੀਆਂ ਪਿਛਲੀਆਂ ਗੱਠਜੋੜ ਸਰਕਾਰਾਂ ਦੀ ਤਰ੍ਹਾਂ ਦੋਵਾਂ ਖੇਤਰਾਂ ਨੂੰ ਨੁਮਾਇੰਦਗੀ ਦੇਣ ਲਈ ਉਪ ਮੁੱਖ ਮੰਤਰੀ ਨਿਯੁਕਤ ਕਰਨ ਦੀ ਕਿਸੇ ਤਰ੍ਹਾਂ ਪਾਬੰਦ ਨਹੀਂ ਹੈ। ਉਨ੍ਹਾਂ ਕਿਹਾ, ‘ਕਾਂਗਰਸ ਨੇ ਨਵੀਂ ਕੈਬਨਿਟ ’ਚ ਸ਼ਾਮਲ ਹੋਣ ਦਾ ਫ਼ੈਸਲਾ ਨਹੀਂ ਲਿਆ ਹੈ। ਅਸੀਂ ਆਪਣੀ ਹੀ ਪਾਰਟੀ ’ਚੋਂ ਉਪ ਮੁੱਖ ਮੰਤਰੀ (ਸੁਰਿੰਦਰ ਚੌਧਰੀ) ਚੁਣਨ ਦਾ ਫ਼ੈਸਲਾ ਕੀਤਾ ਹੈ।’ -ਪੀਟੀਆਈ