ਜੈਪੁਰ, 19 ਅਕਤੂਬਰ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸਿੱਖਿਆ ਦੇ ਵਪਾਰੀਕਰਨ ’ਤੇ ਚਿੰਤਾ ਜ਼ਾਹਿਰ ਕਰਦਿਆਂ ਅੱਜ ਇੱਥੇ ਕਿਹਾ ਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ ਦੀ ਗੁਣਵੱਤਾ ’ਤੇ ਮਾੜਾ ਪ੍ਰਭਾਵ ਪਿਆ ਹੈ। ਉਨ੍ਹਾਂ ਸੀਕਰ ਵਿੱਚ ਨਿੱਜੀ ਸਿੱਖਿਆ ਸੰਸਥਾ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਿੱਖਿਆ ਕਿਸੇ ਵੀ ਆਮਦਨ ਦਾ ਸਰੋਤ ਨਹੀਂ ਸੀ। ਇਹ ਤਿਆਗ ਅਤੇ ਦਾਨ ਦਾ ਮਾਧਿਅਮ ਸੀ, ਜਿਸ ਦਾ ਉਦੇਸ਼ ਸਮਾਜ ਦੀ ਮਦਦ ਕਰਨਾ ਸੀ ਪਰ ਹੁਣ ਚਿੰਤਾ ਦਾ ਵਿਸ਼ਾ ਹੈ ਕਿ ਸਿੱਖਿਆ ਨੂੰ ਵਪਾਰਕ ਬਣਾ ਦਿੱਤਾ ਗਿਆ ਹੈ ਅਤੇ ਇਸ ਨੂੰ ਫਾਇਦੇ ਲਈ ਵੇਚਿਆ ਜਾ ਰਿਹਾ ਹੈ, ਜਿਸ ਕਾਰਨ ਇਸ ਦੀ ਗੁਣਵੱਤਾ ’ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ।’ ਉਪ ਰਾਸ਼ਟਰਪਤੀ ਨੇ ਕਿਹਾ, ‘ਜੇ ਤੁਸੀਂ ਵਿੱਦਿਅਕ ਸੰਸਥਾਵਾਂ ਨੂੰ ਵਿੱਤੀ ਲਾਭ ਦੇ ਨਜ਼ਰੀਏ ਨਾਲ ਦੇਖੋਗੇ, ਤਾਂ ਤੁਹਾਡਾ ਉਦੇਸ਼ ਧੁੰਦਲਾ ਹੋ ਜਾਵੇਗਾ। ਸਾਨੂੰ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ। ਮੇਰੀ ਜ਼ਿੱਦ ਰਹੇਗੀ ਕਿ ਸੰਸਥਾ ਦਾ ਪੈਸਾ ਸੰਸਥਾ ਦੇ ਵਿਕਾਸ ਲਈ ਹੀ ਵਰਤਿਆ ਜਾਵੇ। ਸਾਡਾ ਸੰਕਲਪ ਇਹ ਹੋਣਾ ਚਾਹੀਦਾ ਹੈ ਕਿ ਜਦੋਂ ਭਾਰਤ 2047 ਵਿੱਚ ਵਿਕਸਤ ਦੇਸ਼ ਬਣੇ ਤਾਂ ਅਸੀਂ ਵਿਸ਼ਵ ਦੀ ‘ਸੁਪਰ ਨਾਲੇਜ ਪਾਵਰ’ ਬਣੀਏ।’ ਉਪ ਰਾਸ਼ਟਰਪਤੀ ਨੇ ਕੌਮੀ ਸਿੱਖਿਆ ਨੀਤੀ ਦੀ ਵੀ ਸ਼ਲਾਘਾ ਕੀਤੀ। -ਪੀਟੀਆਈ