ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 19 ਅਕਤੂਬਰ
ਖੇਤਰ ਦੇ ਪਿੰਡ ਚੋਰਮਾਰ ਦੀ ਵਿਆਹੁਤਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਖਾਣ-ਪੀਣ ਵਿੱਚ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ ਘਰੋਂ ਨਕਦੀ ਅਤੇ ਗਹਿਣੇ ਲੈ ਕੇ ਗਾਇਬ ਹੋ ਗਈ। ਔਰਤ ਦੇ ਪਤੀ ਨੇ ਔਢਾਂ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਵਿਆਹ ਨੂੰ 4 ਸਾਲ ਹੋ ਗਏ ਹਨ। 17 ਅਕਤੂਬਰ ਦੀ ਰਾਤ ਨੂੰ ਉਸ ਦੀ ਪਤਨੀ ਉਸ ਨੂੰ ਦੱਸੇ ਬਿਨਾਂ ਘਰੋਂ ਚਲੀ ਗਈ, ਜਦੋਂ ਉਹ ਸਵੇਰੇ ਦੇਰ ਨਾਲ ਜਾਗੇ ਤਾਂ ਉਸ ਦੀ ਪਤਨੀ ਘਰੋਂ ਗਾਇਬ ਸੀ। ਇਸ ਮਗਰੋਂ ਉਨ੍ਹਾਂ ਉਸ ਦੀ ਆਪਣੇ ਆਂਢ-ਗੁਆਂਢ ’ਚ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਜਾਂਚ ਅਧਿਕਾਰੀ ਰਾਜ ਕੌਰ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ।