ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 21 ਅਕਤੂਬਰ
ਹਰਿਆਣਾ ਵਿਚ ਟਰਾਂਸਪੋਰਟ ਵਿਭਾਗ ਦਾ ਚਾਰਜ ਸੰਭਾਲਦਿਆਂ ਹੀ ਮੰਤਰੀ ਅਨਿਲ ਵਿੱਜ ਨੇ ਅੱਜ ਅੰਬਾਲਾ ਕੈਂਟ, ਕਰਨਾਲ ਅਤੇ ਪਾਣੀਪਤ ਦੇ ਬੱਸ ਅੱਡਿਆਂ ’ਤੇ ਛਾਪਾ ਮਾਰਿਆ ਅਤੇ ਵਿਵਸਥਾਵਾਂ ਠੀਕ ਨਾ ਹੋਣ ਕਰਕੇ ਅੰਬਾਲਾ ਕੈਂਟ ਦੇ ਅੱਡਾ ਇੰਚਾਰਜ ਅਜੀਤ ਸਿੰਘ ਨੂੰ ਮੁਅੱਤਲ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਅਤੇ ਮੌਕੇ ’ਤੇ ਜਨਰਲ ਮੈਨੇਜਰ ਤੇ ਹੋਰ ਸਟਾਫ ਨੂੰ ਝਾੜ ਪਾਈ। ਅੱਜ ਸਿਵਲ ਹਸਪਤਾਲ ਅੰਬਾਲਾ ਕੈਂਟ ਵਿਚ ਐਕਸੀਲੇਟਰ ਓਵਰ ਬ੍ਰਿਜ ਦਾ ਉਦਘਾਟਨ ਕਰਨ ਤੋਂ ਬਾਅਦ ਮੰਤਰੀ ਅਨਿਲ ਵਿੱਜ ਨੇ ਸਥਾਨਕ ਬੱਸ ਸਟੈਂਡ ’ਤੇ ਛਾਪਾ ਮਾਰਿਆ। ਅੰਬਾਲਾ ਕੈਂਟ ਬੱਸ ਅੱਡੇ ਤੇ ਮੁਆਇਨੇ ਤੋਂ ਬਾਅਦ ਟਰਾਂਸਪੋਰਟ ਮੰਤਰੀ ਬੱਸ ਰਾਹੀਂ ਦਿੱਲੀ ਲਈ ਰਵਾਨਾ ਹੋ ਗਏ। ਸਫਰ ਦੌਰਾਨ ਉਨ੍ਹਾਂ ਡਰਾਈਵਰ ਤੇ ਮੁਸਾਫ਼ਰਾਂ ਨਾਲ ਗੱਲਬਾਤ ਕੀਤੀ।