ਪੱਤਰ ਪ੍ਰੇਰਕ
ਦੋਦਾ, 21 ਅਕਤੂਬਰ
ਪਿੰਡ ਭੁੱਲਰ ਕੋਲੋਂ ਲੰਘਦੀਆਂ ਨਹਿਰਾਂ ’ਚੋਂ ਰਾਜਸਥਾਨ ਫੀਡਰ ਕਿਨਾਰੇ ਕੋਲੋਂ ਪਿੰਡ ਖੂੰਨਣ ਖੁਰਦ ਦੇ ਵਸਨੀਕ ਜਸਵਿੰਦਰ ਸਿੰਘ ਉਰਫ ਰਾਣਾ (30) ਪੁੱਤਰ ਰਾਜਾ ਸਿੰਘ ਦਾ ਹਾਦਸਾਗ੍ਰਸਤ ਮੋਟਰਸਾਈਕਲ ਮਿਲਿਆ ਹੈ। ਇਹ ਵਿਅਕਤੀ ਦੋਦਾ ਵਿੱਚ ਇਕ ਡੀਜੇ ਤੇ ਕੋਲਡ ਡਰਿੰਕ ਵਾਲੀ ਦੁਕਾਨ ’ਤੇ ਮੁਲਾਜ਼ਮ ਸੀ ਤੇ ਬੀਤੀ ਸ਼ਾਮ ਦੁਕਾਨ ਦੇ ਮਾਲਕ ਦਾ ਮੋਟਰਸਾਈਕਲ ਲੈ ਕੇ ਆਪਣੇ ਪਿੰਡ ਲਈ ਰਵਾਨਾ ਹੋਇਆ ਸੀ ਪਰ ਘਰ ਨਹੀਂ ਪਹੁੰਚਿਆ। ਮੋਟਰਸਾਈਕਲ ਕੋਲੋਂ ਜਸਵਿੰਦਰ ਦਾ ਇੱਕ ਬੂਟ ਤੇ ਝੋਲਾ ਵੀ ਮਿਲਿਆ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਸਵਿੰਦਰ ਹਾਦਸੇ ਦਾ ਸ਼ਿਕਾਰ ਹੋ ਕੇ ਨਹਿਰ ਵਿੱਚ ਡਿੱਗ ਗਿਆ ਹੈ। ਇਸ ਮੌਕੇ ਥਾਣਾ ਸਦਰ ਮੁਕਤਸਰ ਦੇ ਐੱਸਐੱਚਓ ਹਰਪ੍ਰੀਤ ਕੌਰ, ਏਐੱਸਆਈ ਹਰਵਿੰਦਰ ਸਿੰਘ, ਏਐੱਸਆਈ ਮੋਹਨ ਲਾਲ ਨੇ ਜਾਂਚ ਆਰੰਭ ਦਿੱਤੀ ਹੈ।