ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 22 ਅਕਤੂਬਰ
ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਵਿਚ ਬੰਬ ਧਮਾਕੇ ਦੇ ਸ਼ੱਕੀ ਮੁਲਜ਼ਮ ਰਿਪੂਦਮਨ ਸਿੰਘ ਮਲਿਕ (Ripudaman Singh Malik) ਨੂੰ ਗੋਲੀ ਮਾਰ ਕੇ ਹਲਾਕ ਕਰਨ ਦੇ ਮਾਮਲੇ ਦੇ ਦੋ ਦੋਸ਼ੀਆਂ ਨੇ ਸੋਮਵਾਰ ਨੂੰ ਦੋਸ਼ ਕਬੂਲ ਕਰ ਲਏ ਹਨ। ਹੁਣ ਕੈਨੇਡੀਅਨ ਅਦਾਲਤ ਵੱਲੋਂ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ।
ਚੀਨੀ ਅਖ਼ਬਾਰ ‘ਸਾਊਥ ਚਾਈਨਾ ਮੌਰਨਿੰਗ ਪੋਸਟ’ (South China Morning Post) ਵਿਚ ਛਪੀ ਖ਼ਬਰ ਮੁਤਾਬਕ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਨਿਊੁ ਵੈਸਟਮਿੰਸਟਰ ਸਥਿਤ ਅਦਾਲਤ ਨੇ ਦੋਵੇਂ ਮੁਲਜ਼ਮਾਂ – ਟੈਨਰ ਫੌਕਸ ਅਤੇ ਹੋਸੇ ਲੋਪੇਜ਼ (Tanner Fox and Jose Lopez) ਦਾ ‘ਕਬੂਲਨਾਮਾ’ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ 14 ਜੁਲਾਈ, 2022 ਨੂੰ ਮਲਿਕ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਸੀ।
ਕਨਿਸ਼ਕ ਜਹਾਜ਼ ਬੰਬ ਕਾਂਡ 1985 ਵਿਚ ਵਾਪਰਿਆ ਸੀ, ਜਿਸ ਵਿਚ 331 ਵਿਅਕਤੀ ਮਾਰੇ ਗਏ ਸਨ। ਮਲਿਕ ਇਸ ਮਾਮਲੇ ਦਾ ਮੁੱਖ ਮਸ਼ਕੂਕ ਸੀ, ਪਰ ਬਾਅਦ ਵਿਚ ਉਸ ਨੂੰ ਬਰੀ ਕਰ ਦਿੱਤਾ ਗਿਆ। ਅਦਾਲਤ ਨੇ ਫੌਕਸ ਤੇ ਲੋਪੇਜ਼ ਨੂੰ ਸਜ਼ਾ ਸੁਣਾਏ ਜਾਣ ਵਾਸਤੇ 31 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਚੀਨੀ ਅਖ਼ਬਾਰ ਨੇ ਮਲਿਕ ਦੇ ਪਰਿਵਾਰ ਦੇ ਬਿਆਨ ਵੀ ਨਸ਼ਰ ਕੀਤੇ ਹਨ, ਜਿਨ੍ਹਾਂ ਇਸ ਗੱਲ ਉਤੇ ਖ਼ੁਸ਼ੀ ਜ਼ਾਹਰ ਕੀਤੀ ਹੈ ਕਿ ਕਾਤਲਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾ ਰਹੀ ਹੈ, ਪਰ ਉਨ੍ਹਾਂ ਨਾਲ ਹੀ ਕਿਹਾ ਕਿ ‘ਉਹ ਚਾਹੁੰਦੇ ਹਨ ਕਿ ਇਹ ਦੋਵੇਂ ਵਿਅਕਤੀ ਪੁਲੀਸ ਨੂੰ ਸਹਿਯੋਗ ਦੇਣ ਤਾਂ ਕਿ ਉਨ੍ਹਾਂ ਨੂੰ ਕਤਲ ਦੀ ਸੁਪਾਰੀ ਦੇਣ ਵਾਲਿਆਂ ਨੂੰ ਵੀ ਕਾਨੂੰਨ ਅੱਗੇ ਪੇਸ਼ ਕੀਤਾ ਜਾ ਸਕੇ।’’
ਬਿਆਨ ਵਿਚ ਕਿਹਾ ਗਿਆ ਹੈ, ‘‘ਟੈਨਰ ਫੌਕਸ ਤੇ ਹੋਸੇ ਲੋਪੇਜ਼ ਤੋਂ ਇਹ ਕਤਲ ਭਾੜੇ ਉਤੇ ਕਰਵਾਇਆ ਗਿਆ ਹੈ।… ਜਦੋਂ ਤੱਕ ਉਨ੍ਹਾਂ ਨੂੰ ਭਾੜੇ ਉਤੇ ਲੈਣ ਵਾਲੇ ਅਤੇ ਕਤਲ ਕਰਵਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਨਿਆਂ ਅਧੂਰਾ ਰਹੇਗਾ।’’
ਇਹ ਕਤਲ ਕਿਸ ਮਕਸਦ ਲਈ ਕੀਤਾ ਗਿਆ, ਇਹ ਹਾਲੇ ਤੱਕ ਸਾਫ਼ ਨਹੀਂ ਹੋ ਸਕਿਆ। ਆਖਿਆ ਜਾਂਦਾ ਹੈ ਕਿ ਮਲਿਕ ਦਾ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਨਾਲ ਕੈਨੇਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕੀਤੇ ਜਾਣ ਸਬੰਧੀ ਕਥਿਤ ਤੌਰ ’ਤੇ ਕੋਈ ਝਗੜਾ ਚੱਲ ਰਿਹਾ ਸੀ। ਨਿੱਝਰ ਨੂੰ ਵੀ ਇਕ ਸਾਲ ਬਾਅਦ ਬੰਦੂਕਧਾਰੀਆਂ ਨੇ ਸਰੀ ਵਿਚ ਹੀ ਹਲਾਕ ਕਰ ਦਿੱਤਾ ਸੀ।
ਕੈਨੇਡੀਅਨ ਪੁਲੀਸ ਵੱਲੋਂ ਦੋਵੇਂ ਕਤਲਾਂ ਦੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਇਸ ਬਾਰੇ ਕੋਈ ਠੋਸ ਸਬੂਤ ਜੱਗਜ਼ਾਹਰ ਨਹੀਂ ਕੀਤਾ ਗਿਆ।