ਨਿੱਜੀ ਪੱਤਰ ਪ੍ਰੇਰਕ
ਖੰਨਾ, 22 ਅਕਤੂਬਰ
ਏਡੀਸੀ ਸ਼ਿਖਾ ਭਗਤ ਨੇ ਵਿੱਦਿਅਕ ਸੰਸਥਾਵਾਂ ਦੀਆ ਜ਼ਮੀਨੀ ਹਕੀਕਤਾਂ ਸਮਝਣ ਲਈ ਕਿਸ਼ੋਰੀ ਲਾਲ ਜੇਠੀ ਸਰਕਾਰੀ ਗਰਲਜ਼ ਸਕੂਲ ਵਿੱਚ ਕਰਵਾਈ ਗਈ ਮਾਪੇ ਅਧਿਆਪਕ ਮਿਲਣੀ ਵਿੱਚ ਸ਼ਿਰਕਤ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ 11ਵੀਂ ਅਤੇ 12ਵੀਂ ਦੇ ਬੱਚਿਆਂ ਲਈ ਬਿਜ਼ਨਸ ਬਲਾਸਟ ਪ੍ਰੋਗਰਾਮ ਉਲੀਕਿਆ ਗਿਆ ਹੈ ਜੋ ਸਵੈ ਰੁਜ਼ਗਾਰ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਾ ਹੈ। ਇਸ ਮੌਕੇ ਸਰਕਾਰ ਵੱਲੋਂ ਕਰਵਾਈ ਤੀਜੀ ਮਿਲਣੀ ਵਿੱਚ ਮਾਪੇ ਅਤੇ ਅਧਿਆਪਕਾਂ ਨੇ ਬੱਚਿਆਂ ਦੀ ਫੀਡਬੈਕ ਇੱਕ-ਦੂਜੇ ਨਾਲ ਸਾਂਝੀ ਕੀਤੀ। ਇਸ ਦੌਰਾਨ ਮਾਪਿਆਂ ਨੇ ਆਪਣੇ ਬੱਚੇ ਦੇ ਭਵਿੱਖ ਬਾਰੇ ਸੁਝਾਅ ਵੀ ਦਿੱਤੇ ਅਤੇ ਸ਼ਿਕਾਇਤਾਂ ਵੀ ਸਾਂਝੀਆਂ ਕੀਤੀਆਂ। ਅਖੀਰ ਵਿੱਚ ਵਿਦਿਆਰਥਣਾਂ ਨੇ ਸਕੂਲ ਵਿੱਚ ਚਟਪਟ ਕੁਲਚਾ, ਢੋਕਲਾ, ਸਪੈਸ਼ਲ ਬਰੈੱਡ ਪਕੌੜਾ, ਗੋਲਗੱਪੇ ਤੇ ਸਜਾਵਟੀ ਸਾਮਾਨ ਦੇ ਸਟਾਲ ਲਗਾ ਕੇ ਆਪਣਾ ਸਾਮਾਨ ਵੇਚਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਰਾਜੇਸ਼ ਕੁਮਾਰ ਫੁੱਲ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਪਿਤਾ ਭੁਪਿੰਦਰ ਸਿੰਘ ਤੋਂ ਇਲਾਵਾ ਕਈ ਹੋਰ ਪਤਵੰਤੇ ਹਾਜ਼ਰ ਸਨ।