ਨਵੀਂ ਦਿੱਲੀ:
ਭਾਜਪਾ ਦੀ ਸੀਨੀਅਰ ਆਗੂ ਵਿਜਯਾ ਕਿਸ਼ੋਰ ਰਾਹਤਕਰ ਨੇ ਅੱਜ ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਦੀ ਚੇਅਰਪਰਸਨ ਦਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਉਨ੍ਹਾਂ ਔਰਤਾਂ ਦੇ ਅਧਿਕਾਰਾਂ ਦੀ ਪੈਰਵੀ ਕਰਨ ਅਤੇ ਲਿੰਗ ਆਧਾਰਤ ਹਿੰਸਾ ਦੇ ਪੀੜਤਾਂ ਲਈ ਨਿਆਂ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਅੱਜ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕਰਦੇ ਕਰਦਿਆਂ ਉਨ੍ਹਾਂ ਕਿਹਾ, ‘ਇਹ ਬਹੁਤ ਜ਼ਿੰਮੇਵਾਰੀ ਵਾਲੀ ਭੂਮਿਕਾ ਹੈ ਅਤੇ ਇਸ ਨੂੰ ਮੈਂ ਆਪਣੀ ਕਾਬਲੀਅਤ ਅਨੁਸਾਰ ਨਿਭਾਉਣ ਦੀ ਕੋਸ਼ਿਸ਼ ਕਰਾਂਗੀ।’ ਉਨ੍ਹਾਂ ਐੱਨਸੀਡਬਲਿਊ ਦੀ ਸਾਬਕਾ ਚੇਅਰਪਰਸਨ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ, ‘ਰੇਖਾ ਸ਼ਰਮਾ ਜੀ ਨੇ ਸ਼ਾਨਦਾਰ ਕੰਮ ਕੀਤਾ ਹੈ ਅਤੇ ਮੈਂ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਕੰਮ ਜਾਰੀ ਰੱਖਾਂਗੀ।’ -ਪੀਟੀਆਈ