ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਅਕਤੂਬਰ
ਪੰਜਾਬ ਰੈੱਡ ਕਰਾਸ ਵੱਲੋਂ ਵਿਦਿਆਰਥੀਆਂ ਅੰਦਰਲੀ ਪ੍ਰਤਿਭਾ ਨੂੰ ਨਿਖਾਰਨ, ਉਨ੍ਹਾਂ ਅੰਦਰ ਭਾਈ ਘਨ੍ਹੱਈਆ ਜੀ ਦੇ ਜੀਵਨ ਆਦਰਸ਼ ਤੇ ਸੇਵਾ ਭਾਵਨਾ ਸੰਚਾਰਿਤ ਕਰਨ ਲਈ ਛੇ ਦਿਨਾਂ ਸੂਬਾ ਪੱਧਰੀ ਕੈਂਪ ਹਿਮਾਚਲ ਪ੍ਰਦੇਸ਼ ਦੇ ਇਤਿਹਾਸਕ ਸਥਾਨ ਰਵਾਲਸਰ ਸਾਹਿਬ ਵਿੱਚ ਲਾਇਆ ਗਿਆ। ਇਸ ਸਬੰਧੀ ਫਸਟ ਏਡ ਤੇ ਹੋਮ ਨਰਸਿੰਗ ਦੇ ਲੈਕਚਰਾਰ ਜਗਜੀਤ ਸਿੰਘ ਮਾਨ ਨੇ ਦੱਸਿਆ ਕਿ ਕੈਂਪ ਵਿੱਚ ਲੁਧਿਆਣਾ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਮੰਗਲੀ ਉੱਚੀ, ਬਲੋਜ਼ਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਭੂਖੜੀ ਕਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਂਪ ਵਿੱਚ ਭਾਗੀਦਾਰੀ ਲਈ ਪੰਜਾਬ ਰੈੱਡ ਕਰਾਸ ਵੱਲੋਂ ਭੇਜੇ ਗਏ ਸਰਟੀਫਿਕੇਟ ਯੋਗੇਸ਼ ਦੱਤਾ, ਸੰਦੀਪ ਕੁਮਾਰ, ਪ੍ਰਵੀਨ ਦੱਤਾ, ਮਨਮਿੰਦਰ ਕੌਰ ਮਾਨ, ਆਦਿੱਤਿਆ ਤੇ ਸੁਮੇਰ ਪਰਤਾਪ ਸਿੰਘ ਮਾਨ ਨੂੰ ਵੰਡੇ ਗਏ। ਸ਼੍ਰੀ ਮਾਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਲੇਖ ਲਿਖਣ, ਕਲਾ, ਗਾਇਨ, ਭਾਸ਼ਣ, ਕਲੇਅ ਆਰਟ, ਨਾਟਕ ਤੇ ਲੋਕ ਨਾਚ ਆਦਿ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕਰਦਿਆਂ ਅਹਿਮ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਭਾਗੀਦਾਰਾਂ ਨੂੰ ਮੁੱਢਲੀ ਸਹਾਇਤਾ ਦੀ ਲੋੜ, ਮਹੱਤਤਾ ਤੇ ਰੋਗੀ ਨੂੰ ਮੁੱਢਲੀ ਸਹਾਇਤਾ ਦੇਣ ਦੀ ਵਿਧੀ ਬਾਰੇ ਵੀ ਵਿਸ਼ੇਸ਼ ਟਰੇਨਿੰਗ ਦਿੱਤੀ ਗਈ। ਇਸ ਮੌਕੇ ਅਮਨਦੀਪ ਸਿੰਘ ਖੇੜਾ ਤੇ ਰੋਹਿਤ ਕੁਮਾਰ ਅਵਸਥੀ ਵੀ ਹਾਜ਼ਰ ਸਨ।