ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਅਕਤੂਬਰ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦਲਵੀਰ ਸਿੰਘ ਗੋਲਡੀ ਨੂੰ ਕਾਂਗਰਸ ’ਚੋਂ ਜਾਣ ਕਰਕੇ ਨੁਕਸਾਨ ਹੋਇਆ ਹੋਵੇਗਾ ਪਰ ਕਾਂਗਰਸ ਨੂੰ ਗੋਲਡੀ ਦੇ ਜਾਣ ਨਾਲ ਕੋਈ ਨੁਕਸਾਨ ਨਹੀਂ ਹੋਇਆ। ਬਾਜਵਾ ਇਥੇ ਅਨਾਜ ਮੰਡੀ ਦੇ ਦੌਰੇ ’ਤੇ ਆਏ ਸਨ। ਉਨ੍ਹਾਂ ਕਿਹਾ ਕਿ ਗੋਲਡੀ ਜਿਹੜੀ ਮਰਜ਼ੀ ਜਮਾਤ ’ਚ ਚਲੇ ਜਾਣ ਪਰ ਕਾਂਗਰਸ ’ਚ ਉਨ੍ਹਾਂ ਲਈ ਕੋਈ ਜਗ੍ਹਾ ਨਹੀਂ ਹੈ। ਬਾਜਵਾ ਨੇ ਕਿਹਾ ਕਿ ਗੋਲਡੀ ਨੂੰ ‘ਆਪ’ ਵਿੱਚ ਗਏ ਨੂੰ ਅਜੇ ਕੁੱਝ ਹੀ ਸਮਾਂ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਆਪਣੀ ਮਾਂ ਪਾਰਟੀ ਨਾਲ ਗੱਦਾਰੀ ਕਰ ਗਿਆ, ਉਸ ਬਾਰੇ ਕੀ ਟਿੱਪਣੀ ਕਰਨੀ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਹੋਰ ਬਹੁਤ ਉਮੀਦਵਾਰ ਹਨ, ਇਸ ਕਰਕੇ ਗੋਲਡੀ ਜਿਸ ਪਾਰਟੀ ’ਚ ਗਏ ਸਨ, ਉਸੇ ਪਾਰਟੀ ਦਾ ਨਿੱਘ ਮਾਣਨ।