ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਅਕਤੂਬਰ
ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸੂਬੇ ’ਚ ਹੋਈਆਂ ਪੰਚਾਇਤੀ ਚੋਣਾਂ ਵਿਚ ‘ਆਪ’ ਦੀ ਭਾਰੀ ਜਿੱਤ ਦਾ ਦਾਅਵਾ ਕਰਦੇ ਦੱਸਿਆ ਕਿ ਧਰਮਕੋਟ ਵਿਧਾਨ ਸਭਾ ਹਲਕੇ ਦੀਆਂ 147 ਪੰਚਾਇਤਾਂ ਵਿਚੋਂ 142 ਪੰਚਾਇਤਾਂ ਉੱਤੇ ‘ਆਪ’ ਕਾਬਜ਼ ਹੋਈ ਹੈ। ਇਨ੍ਹਾਂ ਚੋਣਾਂ ਵਿਚ ਅਕਾਲੀ ਦਲ, ਕਾਂਗਰਸ ਤੇ ਭਾਜਪਾ ਸਭ ਤੋਂ ਫਾਡੀ ਰਹਿ ਗਈਆਂ ਹਨ। ਵਿਧਾਇਕ ਲਾਡੀ ਢੋਸ ਨੇ ਆਪਣੇ ਹਲਕੇ ਦੀਆਂ ਚੁਣੀਆਂ ਪੰਚਾਇਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੁੂੰ ਮਬਾਰਕਬਾਦ ਦਿੰਦੇ ਸਨਮਾਨਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਪਿੰਡਾਂ ਵਿਚ ਵਸਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ‘ਰੰਗਲਾ ਪੰਜਾਬ‘ ਅਤੇ ਉਨ੍ਹਾਂ ਦਾ’ ਧਰਮਕੋਟ ਨੂੰ ਰੰਗਲਾ ਬਣਾਉਣ ਦਾ ਟੀਚਾ ਹੈ। ਉਨ੍ਹਾਂ ਹਲਕੇ ਵਿਚ ਇਸ ਵੱਡੀ ਜਿੱਤ ਲਈ ਸਮੁੱਚੇ ਪੰਚਾਇਤ ਮੈਂਬਰਾਂ ਅਤੇ ਪਿੰਡਾਂ ਦੇ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਵਿਧਾਇਕ ਢੋਸ ਨੇ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ’ਆਪ’ ਸਰਕਾਰ ਲੋਕਾਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਿੰਡਾਂ ਦੇ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਪੰਚਾਇਤਾਂ ਨੂੰ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਨਵੇਂ ਵਿਕਾਸ ਕਾਰਜਾਂ ਸਬੰਧੀ ਤਜਵੀਜਾਂ ਭੇਜੀਆਂ ਜਾਣ।
ਵਿਧਾਇਕ ਵੱਲੋਂ ਝੋਨੇ ਦੀ ਖਰੀਦ ਸਬੰਧੀ ਸਮੂਹ ਧਿਰਾਂ ਨਾਲ ਬੈਠਕ
ਧਰਮਕੋਟ (ਪੱਤਰ ਪ੍ਰੇਰਕ): ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਇੱਥੇ ਝੋਨੇ ਦੀ ਖਰੀਦ ਸਬੰਧੀ ਸਮੂਹ ਧਿਰਾਂ ਨਾਲ ਬੈਠਕ ਕਰ ਕੇ ਮੰਡੀਆਂ ਵਿੱਚ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਸੁਣੀਆਂ। ਇਸ ਮੌਕੇ ਕਿਸਾਨ, ਆੜ੍ਹਤੀ, ਚੌਲ ਮਿੱਲ ਮਾਲਕ ਅਤੇ ਟਰੱਕ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ। ਵਿਧਾਇਕ ਨੇ ਕਿਹਾ ਕਿ ਝੋਨੇ ਦੀ ਨਿਰਵਿਘਨ ਖਰੀਦ ਲਈ ‘ਆਪ’ ਸਰਕਾਰ ਵਚਨਬੱਧ ਹੈ ਲੇਕਿਨ ਭਾਜਪਾ ਦੀ ਕੇਂਦਰ ਸਰਕਾਰ ਝੋਨੇ ਦੀ ਖਰੀਦ ਵਿੱਚ ਅੜਿੱਕਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਨਿਰਵਿਘਨ ਖਰੀਦ ਅਤੇ ਢੁਆਈ ਨੂੰ ਯਕੀਨੀ ਬਣਾਉਣ ਲਈ ਚਰਚਾ ਹੋਈ ਹੈ। ਉਨ੍ਹਾਂ ਨੇ ਧਰਮਕੋਟ ਅਤੇ ਕੋਟ ਈਸੇ ਖਾਂ ਦੀਆਂ ਮੰਡੀਆਂ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।