ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਕਤੂਬਰ
ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ (ਜੇਐੱਮਆਈ) ਵਿੱਚ ਮੰਗਲਵਾਰ ਰਾਤ ਨੂੰ ਝੜਪ ਹੋਣ ਤੋਂ ਕੁਝ ਘੰਟਿਆਂ ਬਾਅਦ ਜਦੋਂ ਵਿਦਿਆਰਥੀਆਂ ਦਾ ਗਰੁੱਪ ਕੈਂਪਸ ਵਿੱਚ ਦੀਵਾਲੀ ਦਾ ਜਸ਼ਨ ਮਨਾ ਰਿਹਾ ਸੀ ਤਾਂ ਦਿੱਲੀ ਪੁਲੀਸ ਨੇ ਲਗਪਗ 100 ਸਫਾਈ ਕਰਮਚਾਰੀਆਂ ਨੂੰ ’ਵਰਸਿਟੀ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਸਫ਼ਾਈ ਕਾਮੇ ਬੁੱਧਵਾਰ ਸਵੇਰੇ ਵਾਲਮੀਕਿ ਜੈਅੰਤੀ ਮਨਾਉਣ ਲਈ ਸ਼ਤਾਬਦੀ ਗੇਟ ਦੇ ਬਾਹਰ ਇਕੱਠੇ ਹੋਏ ਸਨ।
ਯੂਨੀਵਰਸਿਟੀ ਦੇ ਸੈਨੀਟੇਸ਼ਨ ਸਟਾਫ਼ ਰਾਕੇਸ਼ ਕੁਮਾਰ ਵਾਲਮੀਕੀ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਨੂੰ ਗੇਟ ’ਤੇ ਰੋਕ ਲਿਆ ਅਤੇ ਕੈਂਪਸ ਦੇ ਅੰਦਰ ਜਸ਼ਨ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਭਾਵੇਂ ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਪਹਿਲਾਂ ਇਸ ਦੀ ਇਜਾਜ਼ਤ ਲਈ ਹੋਈ ਸੀ ਪਰ ਇਸ ਦੇ ਬਾਵਜੂਦ ਅੰਦਰੀ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਕੋਲ ਮੂਰਤੀ ਵੀ ਸੀ।
ਉਧਰ, ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਰਕਰਾਂ ਨੂੰ ਮੂਰਤੀ ਨੂੰ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਸੀ। ਅਧਿਕਾਰੀਆਂ ਮੁਤਾਬਕ ਉਹ ਯੂਨੀਵਰਸਿਟੀ ਦੇ ਕਰਮਚਾਰੀ ਹਨ ਅਤੇ ਉਨ੍ਹਾਂ ਨੂੰ ਕੈਂਪਸ ਅੰਦਰ ਜਸ਼ਨ ਮਨਾਉਣ ਦੀ ਇਜਾਜ਼ਤ ਸੀ ਪਰ ਕਿਉਂਕਿ ਉਨ੍ਹਾਂ ਕੋਲ ਮੂਰਤੀ ਨੂੰ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਸੀ। ਇਸੇ ਕਰਕੇ ਉਨ੍ਹਾਂ ਨੂੰ ਗੇਟ ’ਤੇ ਰੋਕਣਾ ਪਿਆ।
ਰਾਕੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਵਾਲਮੀਕਿ ਜੈਅੰਤੀ ਮੌਕੇ ਐਫਟੀਕੇ ਸੈਂਟਰ ਫਾਰ ਇਨਫਰਮੇਸ਼ਨ ਟੈਕਨਾਲੋਜੀ ਵਿੱਚ ਕਾਨਫਰੰਸ ਹਾਲ ਲਈ ਸਵੇਰੇ 10.30 ਤੋਂ ਦੁਪਹਿਰ 1 ਵਜੇ ਤੱਕ ਦੀ ਮਨਜ਼ੂਰੀ ਮਿਲ ਗਈ ਸੀ। ਉਹ ਪਿਛਲੇ ਛੇ ਸਾਲਾਂ ਤੋਂ ਕੈਂਪਸ ਦੇ ਅੰਦਰ ਜੈਅੰਤੀ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਪੁਲੀਸ ਨੇ ਯੂਨੀਵਰਸਿਟੀ ਅੰਦਰ ਨਹੀਂ ਜਾਣ ਦਿੱਤਾ। ਇਸ ਮਗਰੋਂ ਮੁਲਾਜ਼ਮਾਂ ਨੇ ਇੱਥੇ ਗੇਟ ’ਤੇ ਇਸ ਮੌਕੇ ਸ਼ਾਂਤੀ ਨਾਲ ਹੁਕਮਾਂ ਦੀ ਪਾਲਣਾ ਕੀਤੀ ਅਤੇ ਸ਼ਾਂਤੀ ਨਾਲ ਦਿਵਸ ਮਨਾਇਆ।
ਸ਼ਾਂਤੀ ਬਣਾਉਣ ਲਈ ਪੁਲੀਸ ਤਾਇਨਾਤ ਕੀਤੀ ਸੀ: ਡੀਸੀਪੀ
ਮੰਗਲਵਾਰ ਦੇਰ ਸ਼ਾਮ ਵਾਪਰੀ ਘਟਨਾ ਬਾਰੇ ਰਵੀ ਕੁਮਾਰ ਸਿੰਘ, ਡੀਸੀਪੀ ਦੱਖਣ ਪੂਰਬ ਨੇ ਦੱਸਿਆ ਕਿ ਇਹ ਝਗੜਾ ਗੇਟ 7 ਦੇ ਨੇੜੇ ਸ਼ਾਮ 7:30 ਅਤੇ 8 ਵਜੇ ਦੇ ਕਰੀਬ ਹੋਇਆ। ਏਬੀਵੀਪੀ ਨਾਲ ਜੁੜੇ ਵਿਦਿਆਰਥੀਆਂ ਦਾ ਗਰੁੱਪ ਦੀਵਾਲੀ ਲਈ ਦੀਵੇ ਲਾ ਰਿਹਾ ਸੀ ਅਤੇ ਰੰਗੋਲੀਆ ਬਣਾ ਰਿਹਾ ਸੀ। ਇਸ ਤੋਂ ਵਿਦਿਆਰਥੀਆਂ ਦੇ ਇੱਕ ਹੋਰ ਧੜੇ ਨੇ ਨਰਾਜ਼ਗੀ ਪ੍ਰਗਟ ਕੀਤੀ। ਦੂਜੇ ਧੜੇ ਨੇ ਸਜਾਵਟ ਦੀ ਭੰਨਤੋੜ ਕੀਤੀ, ਜਿਸ ਕਾਰਨ ਹਫੜਾ-ਦਫੜੀ ਮੱਚ ਗਈ। ਦੋਵੇਂ ਧਿਰਾਂ ਨਾਅਰੇਬਾਜ਼ੀ ਕਰਨ ਲੱਗੀਆਂ। ਸ਼ਾਂਤੀ ਬਣਾਉਣ ਲਈ ਉਥੇ ਪੁਲੀਸ ਤਾਇਨਾਤ ਕੀਤੀ ਸੀ।